18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸ਼ਹਿਰ ਦੀ ਬੇਦੀ ਕਾਲੋਨੀ 'ਚ ਸੀਵਰੇਜ ਦਾ ਕਹਿਰ-ਸਬਜ਼ੀ ਮੰਡੀ ਜਾਣ ਵਾਲਾ ਰਸਤਾ ਬਣਿਆ ਗੰਦੇ ਪਾਣੀ ਦਾ ਛੱਪੜ, ਲੋਕਾਂ ਦਾ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਫੁੱਟਿਆ <br/>

Ad Position 21
No active advertisement
ਅਜੀਤ ਡੈਸਕ 09-03-2026
ਫਿਰੋਜ਼ਪੁਰ, 8 ਮਾਰਚ (ਸੁਖਵਿੰਦਰ ਸਿੰਘ)-ਸ਼ਹਿਰ ਦੀ ਬੇਦੀ ਕਾਲੋਨੀ ਵਿਚ ਸੀਵਰੇਜ ਓਵਰਫ਼ਲੋ ਹੋਣ ਕਾਰਨ ਗਲੀ ਵਿਚ ਖੜ੍ਹੇ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ ਹੈ | ਇਹ ਰਸਤਾ ਸਬਜ਼ੀ ਮੰਡੀ ਵੱਲ ਜਾਂਦਾ ਹੋਣ ਕਰਕੇ ਇੱਥੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ-ਜਾਂਦੇ ਹਨ ਪਰ ਗਲੀ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤਾਂ ਤੋਂ ਤੰਗ ਆ ਕੇ ਦੁਕਾਨਦਾਰਾਂ ਅਤੇ ਉਨ੍ਹਾਂ ਘਰਾਂ ਦੇ ਮਾਲਕਾਂ, ਜਿਨ੍ਹਾਂ ਦੇ ਬੂਹਿਆਂ ਅੱਗੇ ਸੀਵਰੇਜ ਦੇ ਢੱਕਣ ਹਨ, ਵਲੋਂ ਇਕੱਠੇ ਹੋ ਕੇ ਸੀਵਰੇਜ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਲੋਕਾਂ ਨੇ ਦੱਸਿਆ ਕਿ ਸੀਵਰੇਜ ਲੰਮੇ ਸਮੇਂ ਤੋਂ ਬਲਾਕ ਪਿਆ ਹੋਇਆ ਹੈ ਅਤੇ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ | ਰੋਹ ਪ੍ਰਗਟਾਉਂਦੇ ਹੋਏ ਰਕੇਸ਼ ਕੁਮਾਰ ਨੇ ਕਿਹਾ ਕਿ ਕਈ ਵਾਰ ਐਮ.ਸੀ ਕਸ਼ਮੀਰ ਸਿੰਘ ਨੂੰ ਵੀ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਹੈ, ਪਰ ਉਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ | ਉਨ੍ਹਾਂ ਦੱਸਿਆ ਕਿ ਸੀਵਰੇਜ ਬੋਰਡ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਅਜੇ ਤੱਕ ਕਿਸੇ ਨੇ ਆ ਕੇ ਗਲੀ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ | ਸਥਾਨਕ ਲੋਕਾਂ ਨੇ ਸਿਹਤ ਵਿਭਾਗ ਨੂੰ ਵੀ ਤਿੱਖੇ ਸਵਾਲਾਂ ਵਿਚ ਘੇਰਦਿਆਂ ਕਿਹਾ ਕਿ ਵਿਭਾਗ ਵਲੋਂ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਮਹੱਲਿਆਂ ਵਿਚ ਸਪਰੇ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਬੇਦੀ ਕਾਲੋਨੀ ਵਿਚ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਸਪਰੇ ਨਹੀਂ ਕੀਤੀ ਗਈ | ਲੋਕਾਂ ਦਾ ਕਹਿਣਾ ਹੈ ਕਿ ਗਲੀ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਦੁਕਾਨਦਾਰ ਅਤੇ ਕਾਲੋਨੀ ਨਿਵਾਸੀ ਮਾਰਸ਼ਲ ਕਟਾਰੀਆ, ਸ਼ਮਸ਼ੇਰ ਸਿੰਘ, ਸੰਨੀ, ਹੈਪੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਗੰਦੇ ਪਾਣੀ ਕਾਰਨ ਕਿਸੇ ਨੂੰ ਬਿਮਾਰੀ ਲੱਗਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸੀਵਰੇਜ ਬੋਰਡ, ਸਥਾਨਕ ਐਮ.ਸੀ ਅਤੇ ਸੰਬੰਧਿਤ ਵਿਭਾਗਾਂ ਦੀ ਹੋਵੇਗੀ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੀਵਰੇਜ ਦੀ ਸਫ਼ਾਈ ਕਰਵਾ ਕੇ ਗਲੀ ਨੂੰ ਗੰਦੇ ਪਾਣੀ ਤੋਂ ਮੁਕਤ ਕਰਵਾਇਆ ਜਾਵੇ |
ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਬਜ਼ੁਰਗ ਮਾਤਾ ਨੇ ਕੱਢੀ ਭੜਾਸ
ਇਸ ਦੌਰਾਨ ਇਕ ਬਜ਼ੁਰਗ ਮਾਤਾ ਸੰਤ ਕੌਰ ਜੋ ਪੈਦਲ ਸਬਜ਼ੀ ਮੰਡੀ ਵੱਲ ਜਾ ਰਹੀ ਸੀ, ਨੂੰ ਵੀ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪਿਆ | ਮਾਤਾ ਨੇ ਦੁੱਖ ਪ੍ਰਗਟਾਉਂਦੇ ਕਿਹਾ ਕਿ ਇਹੋ ਜਿਹੀਆਂ ਪੱਕੀਆਂ ਗਲੀਆਂ ਨਾਲੋਂ ਪੁਰਾਣੀਆਂ ਕੱਚੀਆਂ ਗਲੀਆਂ ਹੀ ਚੰਗੀਆਂ ਹੁੰਦੀਆਂ ਸਨ, ਕਿਉਂਕਿ ਮਿੱਟੀ ਪਾਣੀ ਨੂੰ ਆਪਣੇ ਅੰਦਰ ਸੋਖ ਲੈਂਦੀ ਸੀ | ਮਾਤਾ ਨੇ ਕਿਹਾ ਕਿ ਇਹ ਗਲੀਆਂ ਅਕਾਲੀ ਸਰਕਾਰ ਦੇ ਸਮੇਂ ਬਣਾਈਆਂ ਗਈਆਂ ਸਨ, ਪਰ ਜਦੋਂ ਤੋਂ ਕਾਂਗਰਸ ਦਾ ਐਮ.ਸੀ ਆਇਆ ਹੈ, ਉਦੋਂ ਤੋਂ ਇਲਾਕੇ ਵਿਚ ਕੋਈ ਵੀ ਵਿਕਾਸ ਨਹੀਂ ਹੋਇਆ |

Ad Position 22
No active advertisement
ਪਿਛਲੀ ਖ਼ਬਰ 14 ਮਾਰਚ ਨੂੰ ਭਾਜਪਾ ਦੀ ਮੋਗਾ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਵਿਚ ਨਵਾਂ ਮੋੜ ਲਿਆਵੇਗੀ-ਅਵਤਾਰ ਸਿੰਘ ਜ਼ੀਰਾ <br/> ਅਗਲੀ ਖ਼ਬਰ ਮੋਹਾਲੀ ਰੈਲੀ 'ਚ ਸ਼ਾਮਿਲ ਹੋਣ ਲਈ ਫਿਰੋਜ਼ਪੁਰ ਤੋਂ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਜਥੇ ਹੋਏ ਰਵਾਨਾ <br/>
Ad Position 24