ਜ਼ੀਰਾ,11 ਮਾਰਚ (ਰਜਨੀਸ਼ ਕਥੂਰੀਆ, ਹਰਜੀਤ ਸਿੰਘ ਗਿੱਲ)-ਘੰਟਾ ਘਰ ਚੌਂਕ ਜ਼ੀਰਾ ਵਿਚ ਉਸ ਸਮੇਂ ਲੋਕਾਂ ਦਾ ਵੱਡਾ ਇਕੱਠ ਹੋ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਫੂਡ ਨੇ ਸੇਫ਼ਟੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਜ਼ੀਰਾ ਇਲਾਕੇ ਵਿਚ ਵੱਖ-ਵੱਖ ਦੁਕਾਨਾਂ 'ਤੇ ਸਪਲਾਈ ਕਰਨ ਲਈ ਲੈ ਕੇ ਆਉਂਦੀ ਪਨੀਰ ਅਤੇ ਮਠਿਆਈ ਨਾਲ ਭਰੀ ਗੱਡੀ ਨੂੰ ਕਾਬੂ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਨਮੂਨੇ ਭਰਵਾਏ | ਹਰੀਕੇ ਤੋਂ ਆਉਂਦੀ ਇਸ ਗੱਡੀ ਵਿਚ ਪਨੀਰ ਤੋਂ ਇਲਾਵਾ ਬਰਫ਼ੀ,ਗੁਲਾਬ ਜ਼ਾਮਨ,ਰਸਗੁੱਲੇ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੀ ਮਿਲੀਆਂ | ਜਾਣਕਾਰੀ ਮੁਤਾਬਿਕ ਪਨੀਰ ਕਈ ਮਹੀਨਿਆਂ ਤੋਂ ਜ਼ੀਰਾ ਇਲਾਕੇ ਵਿਚ ਹੀ ਨਹੀਂ ਬਲਕਿ ਹੋਰ ਸ਼ਹਿਰਾਂ ਵਿਚ ਵੀ ਸਪਲਾਈ ਹੁੰਦਾ ਹੈ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਟੀਮ ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜਿਲ੍ਹਾ ਮੀਤ ਪ੍ਰਧਾਨ, ਮਨਦੀਪ ਸਿੰਘ ਅਲੀਪੁਰ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ ਦੀ ਅਗਵਾਈ ਇਸ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਕਈ ਦਿਨਾਂ ਤੋਂ ਕਿਸਾਨ ਇਸ ਗੱਡੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਫੂਡ ਸੇਫ਼ਟੀ ਵਿਭਾਗ ਦੀ ਟੀਮ ਨਾ ਹੋਣ ਕਰਕੇ ਇਹ ਸਾਰੀ ਯੋਜਨਾ ਅਸਫਲ ਹੋ ਜਾਂਦੀ ਸੀ | ਅੱਜ ਜਦੋਂ ਫੂਡ ਸੇਫ਼ਟੀ ਅਫਸਰ ਵਲੋਂ ਇਸ ਗੱਡੀ ਨੂੰ ਰੋਕਿਆ ਗਿਆ ਤਾਂ ਇਸ ਵਿਚੋਂ ਵੱਡੀ ਗਿਣਤੀ ਵਿਚ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਅਤੇ ਪਨੀਰ ਦੇ ਪੈਕਟ ਪਾਏ ਗਏ | ਡੀ.ਐਚ.ਓ. ਫਿਰੋਜ਼ਪੁਰ ਡਾ. ਅਮਰਵੀਰ ਸਿੰਘ ਅਤੇ ਫੂਡ ਸੇਫ਼ਟੀ ਅਫਸਰ ਡਾਕਟਰ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਇਹਨਾਂ ਸਭ ਚੀਜ਼ਾਂ ਦੇ ਨਮੂਨੇ ਭਰੇ ਗਏ | ਇਸ ਮੌਕੇ 'ਤੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿੱਥੋਂ ਇਹ ਗੱਡੀ ਇੰਨੀ ਵੱਡੀ ਮਾਤਰਾ ਵਿਚ ਪਨੀਰ ਬਣਾ ਕੇ ਲਿਆਉਂਦੀ ਹੈ ਅਤੇ ਜ਼ੀਰਾ ਅਤੇ ਇਸ ਦੇ ਆਸ ਪਾਸ ਦੇ ਸ਼ਹਿਰਾਂ ਵਿਚ ਸਪਲਾਈ ਕਰਦੀ ਹੈ | ਇਸ ਦੇ ਮਾਲਕਾਂ ਦੇ ਪਸ਼ੂਆਂ ਦੇ ਫਾਰਮ ਕਿੱਥੇ ਬਣੇ ਹੋਏ ਹਨ | ਜਦੋਂ ਇਹੋ ਸਵਾਲ ਗੱਡੀ ਦੇ ਮਾਲਕਾਂ ਨੂੰ ਕੀਤਾ ਗਿਆ ਤਾਂ ਇਸ ਦਾ ਉਹਨਾਂ ਕੋਲ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸੀ | ਕਿਸਾਨ ਆਗੂਆਂ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖ਼ਰੀਦਦਾਰ ਨੂੰ ਵੀ ਇਹ ਅਧਿਕਾਰ ਮੁਹੱਈਆ ਕਰਵਾਏ ਕਿ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜਾਂਚ ਆਪ ਕਰਵਾ ਸਕਣ | ਕਿਸਾਨ ਆਗੂਆਂ ਨੇ ਕਿਹਾ ਕਿ ਹਰ ਛੋਟੇ ਵੱਡੇ ਸ਼ਹਿਰ ਵਿਚ ਸੈਂਪਲ ਭਰਨ ਅਤੇ ਜਾਂਚ ਕਰਕੇ ਇਸ ਦੀ ਤੁਰੰਤ ਰਿਪੋਰਟ ਕਰਨ ਦੀ ਸਹੂਲਤ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਰੋਕਿਆ ਜਾ ਸਕੇ | ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਆਗੂਆਂ ਨੇ ਇਕ ਵੱਡਾ ਕਦਮ ਚੁੱਕਦਿਆਂ ਸ਼ਹਿਰ ਦੇ ਵੱਖ-ਵੱਖ ਮਠਿਆਈਆਂ ਦੇ ਕਾਰਖ਼ਾਨਿਆਂ ਵਿਚ ਚੈਕਿੰਗ ਕਰਵਾਈ ਸੀ | ਇਸ ਮੌਕੇ ਆਤਮਾ ਸਿੰਘ ਮਨਸੂਰਦੇਵਾ, ਮਹਿੰਦਰ ਸਿੰਘ ਮਨਸੂਰਦੇਵਾ, ਗੁਰਚਰਨ ਸਿੰਘ ਬਾਜਵਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ ਆਦਿ ਹਾਜ਼ਰ ਸਨ |