ਜਲਾਲਾਬਾਦ, 11 ਮਾਰਚ (ਕਰਨ ਚੁਚਰਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਦੀ ਦੇਖ-ਰੇਖ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰਿੰਕੂ ਚਾਵਲਾ ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ.ਅਤੇ ਸਰਕਾਰੀ ਨਰਸਿੰਗ ਕਾਲਜ ਜਲਾਲਾਬਾਦ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੂੰ ਐੱਚ.ਪੀ.ਵੀ. ਟੀਕਾਕਰਨ ਦੀ ਮਹੱਤਤਾ ਦੱਸੀ ਗਈ ਅਤੇ ਆਭਾ ਆਈ.ਡੀ. ਬਣਾਉਣ ਸਬੰਧੀ ਸਿਖਲਾਈ ਦਿੱਤੀ ਗਈ | ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਮਰੀਜ਼ਾਂ ਦੇ ਇਲਾਜ ਦਾ ਰਿਕਾਰਡ ਆਨਲਾਈਨ ਕੀਤਾ ਜਾ ਰਿਹਾ ਹੈ | ਆਭਾ ਆਈ.ਡੀ.ਬਣਨ ਨਾਲ ਮਰੀਜ਼ ਨੂੰ ਹਸਪਤਾਲਾਂ ਵਿਚ ਲੰਬੀਆਂ ਲਾਈਨਾਂ ਤੋਂ ਨਿਜਾਤ ਮਿਲੇਗੀ | ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਨਾ ਨੇ ਜਾਣਕਾਰੀ ਦਿੱਤੀ ਕਿ ਇਸ ਆਈ.ਡੀ. ਦੇ ਹੋਣ ਨਾਲ ਮਰੀਜ਼ ਨੂੰ ਆਪਣੇ ਨਾਲ ਪੁਰਾਣੀਆਂ ਰਿਪੋਰਟਾਂ ਜਾਂ ਐਕਸ-ਰੇਅ ਚੁੱਕਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਡਾਕਟਰ ਸਾਰਾ ਡਾਟਾ ਆਨਲਾਈਨ ਦੇਖ ਸਕਣਗੇ | ਡੀ.ਐਮ.ਈ.ਓ.ਪੂਜਾ ਨੇ ਸਕੈਨ ਐਂਡ ਸ਼ੇਅਰ ਤਕਨੀਕ ਬਾਰੇ ਦੱਸਦਿਆਂ ਕਿਹਾ ਕਿ ਹਸਪਤਾਲ ਪਹੁੰਚ ਕੇ ਕਿਊ.ਆਰ.ਕੋਡ ਸਕੈਨ ਕਰਦੇ ਹੀ ਪਰਚੀ ਤਿਆਰ ਹੋ ਜਾਂਦੀ ਹੈ, ਜਿਸ ਨਾਲ ਸਮੇਂ ਦੀ ਵੱਡੀ ਬੱਚਤ ਹੁੰਦੀ ਹੈ | ਇਸ ਮੌਕੇ ਬਲਜਿੰਦਰ ਕੌਰ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ 'ਤੇ ਹੀ ਵਿਦਿਆਰਥੀਆਂ ਦੀਆਂ ਆਭਾ ਆਈ.ਡੀਜ਼ ਬਣਵਾਈਆਂ ਗਈਆਂ | ਅੰਤ ਵਿਚ 14 ਤੋਂ 15 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚ.ਪੀ.ਵੀ. ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਕਾਲਜ ਪਿ੍ੰਸੀਪਲ, ਸਿਹਤ ਵਿਭਾਗ ਦਾ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |