ਜਲਾਲਾਬਾਦ,11ਮਾਰਚ(ਜਤਿੰਦਰ ਪਾਲ ਸਿੰਘ, ਕਰਨ ਚੁਚਰਾ, ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਪੁਰਾਣੇ ਸਰਕਾਰੀ ਹਸਪਤਾਲ ਦੀ ਇਮਾਰਤ, ਜੋ ਕਿ ਲੰਬੇ ਸਮੇਂ ਤੋਂ ਵੀਰਾਨ ਪਈ ਸੀ, ਦੁਬਾਰਾ ਮਰੀਜ਼ਾਂ ਦੇ ਇਲਾਜ ਲਈ ਆਬਾਦ ਹੋਣ ਜਾ ਰਹੀ ਹੈ¢ ਪੰਜਾਬ ਸਰਕਾਰ ਨੇ ਇਸ ਦੋ ਏਕੜ ਵਿਚ ਫੈਲੀ ਪੁਰਾਣੀ ਇਮਾਰਤ ਵਿਚ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ¢ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲ਼ੋਂ ਉਠਾਏ ਗਏ ਲੋਕ ਹਿਤ ਦੇ ਮੁੱਦੇ 'ਤੇ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਇਸ ਪ੍ਰੋਜੈਕਟ 'ਤੇ ਮੋਹਰ ਲਗਾ ਦਿੱਤੀ ਹੈ¢ ਵਿਧਾਇਕ ਨੇ ਸਦਨ ਨੂੰ ਜਾਣੂ ਕਰਵਾਇਆ ਕਿ ਪੁੱਡਾ ਨੇ ਪੁਰਾਣੀ ਇਮਾਰਤ ਦੇ ਮੁੜ ਉਪਯੋਗ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਹੁਣ ਇੱਥੇ ਸਿਹਤ ਕੇਂਦਰ ਸ਼ੁਰੂ ਕਰਨ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ¢ ਇਹ ਇਮਾਰਤ ਨੂੰ ਗਹਿਣੇ ਰੱਖ ਕੇ ਅਕਾਲੀ ਦਲ ਦੀ ਸਰਕਾਰ ਸਮੇਂ ਪੁੱਡਾ ਵਿਭਾਗ ਕੋਲ 4 ਕਰੋੜ ਲੈ ਕੇ ਫ਼ਿਰੋਜਪੁਰ ਸੜਕ 'ਤੇ ਸਥਿਤ ਹਸਪਤਾਲ ਉਸਾਰਿਆ ਗਿਆ ਸੀ ਜਿਸ ਨੂੰ ਵਿਧਾਇਕ ਗੋਲਡੀ ਕੰਬੋਜ ਦੀ ਪਹਿਲ 'ਤੇ ਪੁੱਡਾ ਵਲ਼ੋਂ ਬਿਨਾਂ ਕੋਈ ਪੈਸੇ ਤੋਂ ਰਿਲੀਜ਼ ਕੀਤਾ ਜਾ ਰਿਹਾ ਹੈ¢ ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਜਲਾਲਾਬਾਦ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਆਮ ਬਿਮਾਰੀਆਂ ਦੇ ਇਲਾਜ, ਟੀਕਾਕਰਨ ਅਤੇ ਮਾਂ-ਬੱਚਾ ਸਿਹਤ ਸੇਵਾਵਾਂ ਲਈ ਹੁਣ ਸ਼ਹਿਰੋਂ ਬਾਹਰ ਬਣੇ ਵੱਡੇ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ¢ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਨੂੰ ਆਪਣੀ ਤਰਜੀਹ ਦੱਸਦਿਆਂ ਕਿਹਾ ਕਿ ਇਸ ਇਤਿਹਾਸਕ ਇਮਾਰਤ ਦਾ ਸਹੀ ਉਪਯੋਗ ਹੋਣ ਨਾਲ ਨਾ ਸਿਰਫ਼ ਸਰਕਾਰੀ ਜਾਇਦਾਦ ਦੀ ਸੁਰੱਖਿਆ ਹੋਵੇਗੀ, ਸਗੋਂ ਸ਼ਹਿਰ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਮਿਲ ਸਕਣਗੀਆਂ¢