ਫ਼ਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਇਕ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਕੀਤੀ | ਸਮਾਗਮ ਵਿਚ ਰਾਸ਼ਟਰਪਤੀ ਐਵਾਰਡ ਜੇਤੂ ਅਤੇ ਉੱਘੇ ਵਿਦਵਾਨ ਡਾ. ਰਮੇਸ਼ਵਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸਨਮਦੀਪ ਕੌਰ ਵਲੋਂ ਗਾਇਣ ਕੀਤੇ ਗਏ ਗੁਰਬਾਣੀ ਕੀਰਤਨ ਨਾਲ ਹੋਈ | ਗੌਰਵਦੀਪ ਸਿੰਘ ਨੇ ਆਪਣੇ ਭਾਸ਼ਣ ਰਾਹੀਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਨਿਸ਼ੂ ਵਲੋਂ ਪੜ੍ਹੀ ਗਈ ਕਵਿਤਾ ਨੇ ਸਾਰਿਆਂ ਦੇ ਮਨਾਂ ਨੂੰ ਝੰਜੋੜ ਦਿੱਤਾ, ਜਦਕਿ ਅਨਮੋਲਦੀਪ ਸਿੰਘ ਨੇ ਆਪਣੀ ਗਾਇਕੀ ਰਾਹੀਂ ਸਮੂਹ ਹਾਜ਼ਰੀਨ ਦਾ ਮਨ ਮੋਹ ਲਿਆ | ਸਭਿਆਚਾਰਕ ਪੇਸ਼ਕਾਰੀਆਂ ਵਿਚ ਆਲਮਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਵਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ 'ਪ੍ਰਣਾਮ ਸ਼ਹੀਦਾਂ ਨੂੰ' ਨੇ ਦੇਸ਼ ਭਗਤੀ ਦਾ ਅਹਿਸਾਸ ਕਰਵਾਇਆ | ਮਯੰਕ ਪਰਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਪੇਸ਼ ਕੀਤੀ ਗਈ ਮਾਈਮ 'ਕੁਰਬਾਨੀ ਦੀ ਗੂੰਜ' ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਨੂੰ ਬਿਨਾਂ ਬੋਲੇ ਬਾ-ਕਮਾਲ ਢੰਗ ਨਾਲ ਪੇਸ਼ ਕੀਤਾ | ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਪੇਸ਼ ਕੀਤੀ ਸਕਿੱਟ ਖਿੱਚ ਦਾ ਕੇਂਦਰ ਰਹੀ | ਅੰਤ ਵਿਚ ਵਾਈਸ-ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਅਤੇ ਮੁੱਖ ਮਹਿਮਾਨ ਡਾ. ਰਮੇਸ਼ਵਰ ਸਿੰਘ ਵਲੋਂ ਇਨ੍ਹਾਂ ਹੋਣਹਾਰ ਕਲਾਕਾਰਾਂ ਅਤੇ ਮਿਹਨਤੀ ਸਟਾਫ਼ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਰਾਸ਼ਟਰੀ ਗੀਤ ਦੇ ਸਤਿਕਾਰ ਨਾਲ ਸਮਾਗਮ ਦੀ ਸਮਾਪਤੀ ਹੋਈ | ਇਹ ਸਮਾਗਮ ਡਾ. ਕੇ. ਸੁਨੀਲ ਬਹਿਲ ਕੋਆਰਡੀਨੇਟਰ ਅਤੇ ਮਿਸ ਨਵਦੀਪ ਕੌਰ ਝੱਜ ਕੋ-ਕੋਆਰਡੀਨੇਟਰ, ਸ਼ਹੀਦ ਭਗਤ ਸਿੰਘ ਸੋਸਾਇਟੀ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਨੇਪਰੇ ਚੜਿ੍ਹਆ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਿਸ ਨਵਦੀਪ ਕੌਰ ਝੱਜ ਨੇ ਨਿਭਾਈ ਅਤੇ ਸਮਾਗਮ ਦੌਰਾਨ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਸੰਦੇਸ਼ ਸਾਂਝੇ ਕੀਤੇ |