ਅਬੋਹਰ, 28 ਮਾਰਚ (ਵਿਵੇਕ ਹੂੜੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬਾ ਵਾਸੀਆਂ ਨੂੰ ਮੁਫ਼ਤ ਧਾਰਮਿਕ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਅਬੋਹਰ ਦੇ ਵਾਰਡ ਨੰਬਰ 33 ਤੋਂ 33ਵੀਂ ਬੱਸ ਰਵਾਨਾ ਕੀਤੀ ਗਈ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਇਸ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਯਾਤਰੀਆਂ ਦੀ ਸੁਖਦ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਅਰੁਣ ਨਾਰੰਗ ਨੇ ਦੱਸਿਆ ਕਿ ਇਸ ਸਕੀਮ ਤਹਿਤ ਬਜ਼ੁਰਗਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਜੱਲਿਆਂਵਾਲਾ ਬਾਗ਼ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ | ਯਾਤਰੀਆਂ ਦੇ ਆਉਣ-ਜਾਣ, ਖਾਣ-ਪੀਣ ਅਤੇ ਠਹਿਰਨ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸਹੂਲਤ ਲਈ ਹਰ ਬੱਸ ਵਿਚ ਇੱਕ ਵਲੰਟੀਅਰ ਦੀ ਡਿਊਟੀ ਵੀ ਲਗਾਈ ਜਾਂਦੀ ਹੈ ਜੋ ਪੂਰੀ ਯਾਤਰਾ ਦੌਰਾਨ ਉਨ੍ਹਾਂ ਦੀ ਦੇਖਭਾਲ ਕਰਦਾ ਹੈ | ਹਲਕਾ ਇੰਚਾਰਜ ਨੇ ਅੱਗੇ ਕਿਹਾ ਕਿ ਪਹਿਲਾਂ ਬਹੁਤ ਸਾਰੇ ਬਜ਼ੁਰਗ ਆਰਥਿਕ ਤੰਗੀ ਕਾਰਨ ਆਪਣੇ ਜੀਵਨ ਵਿਚ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਇਸ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ | ਹੁਣ ਤੱਕ ਸ਼ਹਿਰ ਦੇ ਸੈਂਕੜੇ ਲੋਕ ਇਸ ਯਾਤਰਾ ਦਾ ਲਾਭ ਉਠਾ ਚੁੱਕੇ ਹਨ ਅਤੇ ਲੋਕਾਂ ਵਿਚ ਇਸ ਸਕੀਮ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |