ਜ਼ੀਰਾ, 28 ਮਾਰਚ(ਹਰਜੀਤ ਸਿੰਘ ਗਿੱਲ)-ਨੇੜਲੇ ਪਿੰਡ ਵਕੀਲਾਂ ਵਾਲਾ ਵਿਖੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਵਿਧਾਇਕ ਨਰੇਸ਼ ਕਟਾਰੀਆ, 'ਆਪ' ਦੇ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਰਹਿਨੁਮਾਈ ਹੇਠ ਅਤੇ ਸਰਪੰਚ ਸੁਖਚੈਨ ਸਿੰਘ ਸਰਾਂ ਤੇ ਸਾਬਕਾ ਸਰਪੰਚ ਬਲਕਾਰ ਸਿੰਘ ਸਰਾਂ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ ਪਿੰਡ ਦੀਆਂ ਜਨਤਕ ਥਾਵਾਂ 'ਤੇ ਸੀਮਿੰਟ ਵਾਲੀਆਂ ਬਣੀਆਂ ਮਜ਼ਬੂਤ ਕੁਰਸੀਆਂ ਰੱਖਣ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਬਲਕਾਰ ਸਿੰਘ ਸਰਾਂ ਬਲਾਕ ਸੰਮਤੀ ਮੈਂਬਰ ਅਤੇ ਸਰਪੰਚ ਸੁਖਚੈਨ ਸਿੰਘ ਸਰਾਂ ਨੇ ਦੱਸਿਆ ਕਿ ਪਿੰਡ ਵਕੀਲਾਂ ਵਾਲਾ ਵਿਖੇ ਗ੍ਰਾਮ ਪੰਚਾਇਤ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਜਨਤਕ ਥਾਵਾਂ 'ਤੇ ਇਹ 100 ਕੁਰਸੀਆਂ ਲਗਾਈਆਂ ਜਾ ਰਹੀਆਂ ਹਨ | ਜਿਨ੍ਹਾਂ ਨੂੰ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਕੁਰਸੀਆਂ ਲੋਕਾਂ ਦੇ ਬੈਠਣ ਲਈ ਪਿੰਡ ਦੇ ਅੱਡੇ, ਸੱਥ, ਪੰਚਾਇਤ ਘਰ, ਦਲਿਤਾਂ ਦੀ ਧਰਮਸ਼ਾਲਾ ਅਤੇ ਮਿੰਨੀ ਹੈਲਥ ਸੈਂਟਰ ਆਦਿ ਥਾਵਾਂ ਤੇ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਵਿਧਾਇਕ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ | ਜਿਸ ਤਹਿਤ ਗਲੀਆਂ, ਨਾਲੀਆਂ ਦਾ ਕੰਮ ਜਾਰੀ ਹੈ | ਪਿੰਡ ਦੇ ਪਾਣੀ ਦੀ ਨਿਕਾਸੀ ਲਈ ਇੱਕ ਵੱਡਾ ਨਾਲਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਪਾਣੀ ਦੀ ਸਹੂਲਤ ਲਈ ਪੰਚਾਇਤ ਘਰ ਵਿਖੇ ਬੋਰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਕੁਲਵੰਤ ਸਿੰਘ ਫ਼ੌਜੀ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਸੇਵਕ ਸਿੰਘ ਕਾਕਾ, ਜਸਕਰਨ ਸਿੰਘ ਅਤੇ ਸੁਖਦੀਪ ਸਿੰਘ ਸਾਰੇ ਮੈਂਬਰ ਪੰਚਾਇਤ, ਗੁਰਨੈਬ ਸਿੰਘ ਸਰਾਂ, ਇੰਦੂ ਤੇ ਜੱਸਾ ਆਦਿ ਹਾਜ਼ਰ ਸਨ |