ਫ਼ਿਰੋਜ਼ਪੁਰ, 2 ਅਪ੍ਰੈਲ (ਸੁਖਵਿੰਦਰ ਸਿੰਘ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿਚ ਨਾਰਾਜ਼ਗੀ ਵਧਦੀ ਜਾ ਰਹੀ ਹੈ | ਇਸ ਸਬੰਧੀ ਕਾਂਗਰਸ ਦੇ ਦਿਹਾਤੀ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਕਰਦੀ ਆਈ ਹੈ | ਇਕ ਪਾਸੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ ਦੂਜੇ ਪਾਸੇ ਉੱਚੀਆਂ ਕੀਮਤਾਂ ਨੇ ਹਾਲਾਤ ਹੋ ਵੀ ਖ਼ਰਾਬ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਿਆਂ ਵਿਚ ਹਾਲ ਹੀ ਵਿਚ ਆਏ ਪਾਣੀ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ,ਪਰ ਕੇਂਦਰ ਸਰਕਾਰ ਵਲੋਂ ਨਾ ਤਾਂ ਕੋਈ ਵੱਡੀ ਰਾਹਤ ਦਿੱਤੀ ਗਈ ਅਤੇ ਨਾ ਹੀ ਇੰਧਣ ਦੀਆਂ ਕੀਮਤਾਂ ਵਿਚ ਕੋਈ ਕਟੌਤੀ ਕੀਤੀ ਗਈ ਹੈ | ਕੇਂਦਰ ਸਰਕਾਰ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦੀ ਵੀ ਕੋਈ ਚਿੰਤਾ ਨਹੀਂ ਹੈ ਇਹ ਸਿਰਫ਼ ਟੈਕਸਾਂ ਰਾਹੀ ਹੀ ਆਪਣੀ ਆਮਦਨ ਵਧਾਉਣ ਵਿਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਕਾਰਨ ਟਰਾਂਸਪੋਰਟ ਖ਼ਰਚੇ ਵੱਧ ਰਹੇ ਹਨ | ਜਿਸ ਨਾਲ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੇ ਭਾਅ ਵੀ ਚੜ ਰਹੇ ਹਨ ਅਤੇ ਮਹਿੰਗਾਈ ਲੋਕਾਂ ਨੂੰ ਲਗਾਤਾਰ ਪੇ੍ਰਸ਼ਾਨ ਕਰ ਰਹੀ ਹੈ | ਅੰਤ ਵਿਚ ਆਸ਼ੂ ਬੰਗੜ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਲੋਕਾਂ ਨੂੰ ਇੰਧਣ ਦੀਆਂ ਕੀਮਤਾਂ ਵਿਚ ਰਾਹਤ ਮਿਲਦੀ ਸੀ, ਪਰ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਮਹਿੰਗਾਈ ਦੇ ਹਵਾਲੇ ਕਰ ਦਿੱਤਾ |