ਫਿਰੋਜ਼ਪੁਰ, 2 ਅਪ੍ਰੈਲ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗ ਦਰਸ਼ਨ ਹੇਠ ਫਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਲਗਾਤਾਰ ਯਤਨਾਂ ਸਦਕਾ ਇਕ ਹੋਰ ਪ੍ਰਾਪਤੀ ਹਾਸਲ ਕੀਤੀ ਹੈ | ਵੱਖ-ਵੱਖ ਸਟੇਕ ਹੋਲਡਰਾਂ ਨਾਲ ਲਗਾਤਾਰ ਮੀਟਿੰਗਾਂ ਅਤੇ ਤਾਲਮੇਲ ਦੇ ਨਤੀਜੇ ਵਜੋਂ 31 ਮਾਰਚ, 2026 ਨੂੰ 42 ਕੰਟੇਨਰਾਂ ਵਿਚ ਲੱਦਿਆ ਬਾਸਮਤੀ ਚੌਲਾਂ ਦਾ ਇਕ ਰੈਕ ਫਿਲੌਰ ਸਥਿਤ ਕਾਨਕੋਰ ਟਰਮੀਨਲ ਤੋਂ ਭੇਜਿਆ ਗਿਆ | ਕੰਟੇਨਰਾਂ ਨਾਲ ਭਰੇ ਇਸ ਰੈਕ ਵਿਚ ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਲਈ ਕਨਟੇਨਰ ਸ਼ਾਮਲ ਹਨ | ਇਹ ਰੈਕ ਨੀਰਜ ਜੈਨ, ਪੰਕਜ ਜੈਨ ਅਤੇ ਸ੍ਰੀ ਨਿਵਾਸ ਰੋਡਵੇਜ਼ ਦੇ ਨਾਲ ਲਗਾਤਾਰ ਤਾਲਮੇਲ ਰਾਹੀਂ ਭੇਜਿਆ ਗਿਆ ਹੈ | ਇਸ ਲੋਡਿੰਗ ਨਾਲ ਨਾ ਸਿਰਫ਼ ਮੰਡਲ ਦੇ ਮਾਲ ਭਾੜੇ ਵਿਚ ਵਾਧਾ ਹੋਇਆ ਹੈ, ਸਗੋਂ ਰੇਲਵੇ ਮਾਲੀਏ ਵਿਚ ਵੀ ਸ਼ਲਾਘਾਯੋਗ ਵਾਧਾ ਦਰਜ ਕੀਤਾ ਗਿਆ ਹੈ | ਰੇਲਵੇ ਵੱਲੋਂ ਕਿਫ਼ਾਇਤੀ ਸਮਾਂਬੱਧ ਅਤੇ 'ਡੋਰ-ਟੂ-ਡੋਰ' ਸੇਵਾ ਉਪਲਬਧ ਕਰਵਾਉਣ ਨਾਲ ਵਪਾਰੀਆਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ | ਫਿਰੋਜ਼ਪੁਰ ਮੰਡਲ ਦੇ ਲਗਾਤਾਰ ਯਤਨਾਂ ਨਾਲ ਨਾ ਸਿਰਫ਼ ਮਾਲੀਏ ਵਿਚ ਵਾਧਾ ਹੋ ਰਿਹਾ ਹੈ, ਸਗੋਂ ਰੇਲਵੇ ਪ੍ਰਤੀ ਵਪਾਰੀਆਂ ਦਾ ਭਰੋਸਾ ਵੀ ਲਗਾਤਾਰ ਵੱਧ ਰਿਹਾ ਹੈ | ਇਸ ਤੋਂ ਪਹਿਲਾਂ ਵੀ 27 ਫਰਵਰੀ 2026 ਨੂੰ 52 ਕੰਟੇਨਰਾਂ ਵਿਚ ਲੱਦਿਆ ਬਾਸਮਤੀ ਚੌਲਾਂ ਦਾ ਇਕ ਰੈਕ ਫਿਲੌਰ ਸਥਿਤ ਕਾਨਕੋਰ ਟਰਮੀਨਲ ਤੋਂ ਭੇਜਿਆ ਗਿਆ ਸੀ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਮਨੂ ਗਰਗ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇ ਨਿਰੰਤਰ ਯਤਨਾਂ ਨਾਲ ਨਾ ਸਿਰਫ਼ ਮਾਲੀਆ ਵੱਧ ਰਿਹਾ ਹੈ, ਸਗੋਂ ਰੇਲਵੇ ਪ੍ਰਤੀ ਵਪਾਰੀਆਂ ਦਾ ਵਿਸ਼ਵਾਸ ਵੀ ਲਗਾਤਾਰ ਵੱਧ ਰਿਹਾ ਹੈ | ਇਹ ਪ੍ਰਾਪਤੀ ਰੇਲ ਆਵਾਜਾਈ ਦੇ ਖੇਤਰ ਵਿਚ ਵਪਾਰਕ ਵਿਕਾਸ ਨੂੰ ਦਰਸਾਉਂਦੀ ਹੈ |