ਮਮਦੋਟ, 3 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਬੀਤੀ ਰਾਤ ਸਿਵਲ ਹਸਪਤਾਲ ਮਮਦੋਟ ਦੇ ਓਟ ਸੈਂਟਰ ਦਾ ਦਰਵਾਜ਼ਾ ਤੋੜ ਕੇ ਚੋਰ 7500 ਦੇ ਕਰੀਬ ਨਸ਼ਾ ਛੁਡਾਊ ਗੋਲੀਆਂ ਚੋਰੀ ਕਰਕੇ ਲੈ ਗਏ ਹਨ | ਇਸ ਸਬੰਧੀ ਥਾਣਾ ਮਮਦੋਟ ਵਿਖੇ ਦਿੱਤੀ ਸ਼ਿਕਾਇਤ ਵਿਚ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਮਦੋਟ ਨੇ ਦੱਸਿਆ ਕਿ ਅੱਜ ਸਵੇਰੇ 8:30 ਵਜੇ ਓਟ ਸੈਟਰ ਦਾ ਸਟਾਫ ਜਦੋਂ ਡਿਊਟੀ 'ਤੇ ਪਹੁੰਚਿਆਂ ਤਾਂ ਉਹਨਾਂ ਦੇਖਿਆ ਕਿ ਦਰਵਾਜ਼ੇ ਦਾ ਅਰਲ ਅਤੇ ਕਮਰੇ ਦੇ ਅੰਦਰ ਪਈ ਦਵਾਈਆਂ ਵਾਲੀ ਅਲਮਾਰੀ ਦਾ ਜਿੰਦਰਾ ਟੁੱਟੇ ਹੋਏ ਸਨ | ਜਿਸ ਤੋਂ ਬਾਅਦ ਅਲਮਾਰੀ ਵਿਚ ਪਈਆਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਦੀ ਗਿਣਤੀ ਕਰਨ 'ਤੇ ਦੋ ਵੱਖ-ਵੱਖ ਤਰ੍ਹਾਂ ਦੀਆਂ 7530 ਗੋਲੀਆਂ ਚੋਰੀ ਹੋ ਚੁੱਕੀਆਂ ਹਨ | ਸੀਨੀਅਰ ਮੈਡੀਕਲ ਅਫਸਰ ਵਲੋਂ ਬੀਤੀ 23 ਜਨਵਰੀ ਨੂੰ ਓਟ ਸੈਂਟਰ ਦੇ ਕੰਪਿਊਟਰ ਸੈੱਟ, ਪਿੰ੍ਰਟਰ, ਇਨਵਰਟਰ ਬੈਟਰਾ ਚੋਰੀ ਹੋਣ ਦਾ ਜ਼ਿਕਰ ਵੀ ਇਸ ਸ਼ਿਕਾਇਤ ਵਿਚ ਕਰਦਿਆਂ ਚੋਰਾਂ ਨੂੰ ਕਾਬੂ ਕਰਨ ਅਤੇ ਚੋਰੀਆਂ ਨੂੰ ਠੱਲ੍ਹ ਪਾਉਣ ਦੀ ਮੰਗ ਕਰਦਿਆਂ ਸਿਵਲ ਹਸਪਤਾਲ ਮਮਦੋਟ ਵਿਖੇ ਰਾਤ ਸਮੇਂ ਪੱਕੇ ਤੌਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ |