ਅਣਦੇਖੀ ਦੇ ਚੱਲਦੇ ਕਮਲ ਸ਼ਰਮਾ ਯਾਦਗਾਰੀ ਪਾਰਕ ਦੀ ਹੋਈ ਦੁਰਦਸ਼ਾ
ਪਸ਼ੂਆਂ ਦੀ ਚਰਾਗਾਹ ਬਣਿਆ ਪਾਰਕ, ਜੰਗਲੀ ਬੂਟੀ ਤੇ ਮਿੱਟੀ ਦੇ ਢੇਰ ਵਿਗਾੜ ਰਹੇ ਸੁੰਦਰਤਾ
ਫ਼ਿਰੋਜ਼ਪੁਰ, 4 ਸਤੰਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਅੰਦਰ ਜ਼ਿਲ੍ਹਾ ਸਿਵਲ ਹਸਪਤਾਲ, ਹਾਊਸਿੰਗ ਬੋਰਡ ਕਾਲੋਨੀ ਅਤੇ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਹਾਲ ਦੇ ਨੇੜੇ ਸਥਿਤ ਮਰਹੂਮ ਕਮਲ ਸ਼ਰਮਾ ਯਾਦਗਾਰੀ ਪਾਰਕ ਅੱਜ ਕੱਲ੍ਹ ਨਗਰ ਕੌਂਸਲ ਦੀ ਅਣਦੇਖੀ ਅਤੇ ਲਾਪ੍ਰਵਾਹੀ ਦਾ ਸ਼ਿਕਾਰ ਬਣਿਆ ਹੋਇਆ ਹੈ। ਇੱਥੇ ਦੱਸਣਾ ਅਹਿਮ ਹੈ ਕਿ ਇਹ ਪਾਰਕ ਕਿਸੇ ਸਮੇਂ ਕਾਂਗਰਸ ਅਤੇ ਭਾਜਪਾ ਦੀ ਸਿਆਸਤ ਦਾ ਕੇਂਦਰ ਬਣਿਆ ਸੀ, ਜੋ ਹੁਣ ਜੰਗਲੀ ਬੂਟੀ, ਕੂੜੇ ਦੇ ਢੇਰਾਂ, ਮਿੱਟੀ ਦੇ ਟਿੱਬਿਆਂ ਅਤੇ ਨਾਕਸ ਪ੍ਰਬੰਧਾਂ ਕਾਰਨ ਆਪਣੀ ਸੁੰਦਰਤਾ ਗੁਆ ਰਿਹਾ ਹੈ।
ਮ
ਮਰਹੂਮ ਕਮਲ ਸ਼ਰਮਾ ਯਾਦਗਾਰੀ ਪਾਰਕ ਦੇ ਮੇਨ ਗੇਟ ਦੀ ਤਸਵੀਰ, ਪਾਰਕ ਅੰਦਰ ਘਾਹ ਚਰ ਰਹੇ ਪਸ਼ੂ। (ਸੱਜੇ) ਟੁੱਟੇ ਹੋਏ ਬੈਠਣ ਵਾਲੇ ਬੈਂਚ। ਤਸਵੀਰਾਂ-ਕੁਲਬੀਰ ਸਿੰਘ ਸੋਢੀ
05-09-2026
ਫ਼ਿਰੋਜ਼ਪੁਰ, 4 ਸਤੰਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਅੰਦਰ ਜ਼ਿਲ੍ਹਾ ਸਿਵਲ ਹਸਪਤਾਲ, ਹਾਊਸਿੰਗ ਬੋਰਡ ਕਾਲੋਨੀ ਅਤੇ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਹਾਲ ਦੇ ਨੇੜੇ ਸਥਿਤ ਮਰਹੂਮ ਕਮਲ ਸ਼ਰਮਾ ਯਾਦਗਾਰੀ ਪਾਰਕ ਅੱਜ ਕੱਲ੍ਹ ਨਗਰ ਕੌਂਸਲ ਦੀ ਅਣਦੇਖੀ ਅਤੇ ਲਾਪ੍ਰਵਾਹੀ ਦਾ ਸ਼ਿਕਾਰ ਬਣਿਆ ਹੋਇਆ ਹੈ। ਇੱਥੇ ਦੱਸਣਾ ਅਹਿਮ ਹੈ ਕਿ ਇਹ ਪਾਰਕ ਕਿਸੇ ਸਮੇਂ ਕਾਂਗਰਸ ਅਤੇ ਭਾਜਪਾ ਦੀ ਸਿਆਸਤ ਦਾ ਕੇਂਦਰ ਬਣਿਆ ਸੀ, ਜੋ ਹੁਣ ਜੰਗਲੀ ਬੂਟੀ, ਕੂੜੇ ਦੇ ਢੇਰਾਂ, ਮਿੱਟੀ ਦੇ ਟਿੱਬਿਆਂ ਅਤੇ ਨਾਕਸ ਪ੍ਰਬੰਧਾਂ ਕਾਰਨ ਆਪਣੀ ਸੁੰਦਰਤਾ ਗੁਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਜਗ੍ਹਾ ’ਤੇ ਪਹਿਲਾਂ ਕਈ ਸਾਲਾਂ ਤੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਸੀ ਜਿਸ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਫ਼ਿਰੋਜ਼ਪੁਰ ਪਹੁੰਚਦੇ ਸਨ। ਬਾਅਦ ਵਿਚ ਸ਼ਹਿਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਇਸ ਖਾਲੀ ਜਗ੍ਹਾ ਨੂੰ ਪਾਰਕ ਦੇ ਰੂਪ ਵਿਚ ਵਿਕਸਤ ਕਰਨ ਲਈ ਉਪਰਾਲੇ ਕੀਤੇ ਗਏ। ਪਾਰਕ ਦਾ ਨਾਮ ਪੰਜਾਬ ਦੇ ਮਰਹੂਮ ਭਾਜਪਾ ਆਗੂ ਕਮਲ ਸ਼ਰਮਾ ਦੀ ਯਾਦ ਨਾਲ ਜੋੜੇ ਜਾਣ ਕਾਰਨ ਇਹ ਪ੍ਰਾਜੈਕਟ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ। ਪਾਰਕ ਬਣਨ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਆਸ ਸੀ ਕਿ ਬੱਚਿਆਂ ਲਈ ਝੂਲੇ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਓਪਨ ਜਿੰਮ ਅਤੇ ਸੈਰ ਕਰਨ ਲਈ ਸੁੰਦਰ ਟਰੈਕ ਦੀ ਸਹੂਲਤ ਮਿਲੇਗੀ, ਪਰ ਸਮੇਂ ਦੇ ਨਾਲ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਸੰਭਾਲ ਲਈ ਠੋਸ ਕਦਮ ਨਾ ਚੁਕੇ ਜਾਣ ਕਾਰਨ ਪਾਰਕ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਪਾਰਕ ਅੰਦਰ ਵੱਡੇ ਪੱਧਰ ’ਤੇ ਜੰਗਲੀ ਬੂਟੀ ਉੱਗ ਚੁੱਕੀ ਹੈ ਅਤੇ ਕਈ ਥਾਵਾਂ ’ਤੇ ਘਾਹ ਤੇ ਝਾੜੀਆਂ ਨੇ ਪਾਰਕ ਦੀ ਸੁੰਦਰਤਾ ਨੂੰ ਢੱਕ ਲਿਆ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਰਕ ਦੀ ਨਿਯਮਤ ਸਫਾਈ ਅਤੇ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪਾਰਕ ਦੇ ਕੁਝ ਹਿੱਸੇ ਪਸ਼ੂਆਂ ਦੀ ਚਰਾਗਾਹ ਬਣਦੇ ਜਾ ਰਹੇ ਹਨ। ਦੂਜੇ ਪਾਸੇ ਸਿਵਲ ਹਸਪਤਾਲ ਵਾਲੇ ਪਾਸੇ ਪਾਰਕ ਦੀ ਕੰਧ ਨਾਲ ਲੱਗੇ ਮਿੱਟੀ ਤੇ ਮਲਬੇ ਦੇ ਢੇਰ ਕਈ ਮਹੀਨਿਆਂ ਤੋਂ ਪਏ ਹਨ, ਜੋ ਪਾਰਕ ਦੀ ਦਿੱਖ ਨੂੰ ਵਿਗਾੜ ਰਹੇ ਹਨ। ਇਸ ਤੋਂ ਇਲਾਵਾ ਪਾਰਕ ਅੰਦਰ ਲੱਗੀਆਂ ਲਾਈਟਾਂ ਬੰਦ ਪਈਆਂ ਹਨ। ਇਸ ਦੇ ਨਾਲ ਸ਼ਾਮ ਢਲਣ ਮਗਰੋਂ ਪਾਰਕ ਦੇ ਕੁਝ ਹਿੱਸਿਆਂ ਵਿਚ ਹਨੇਰਾ ਛਾਅ ਜਾਣ ਕਾਰਨ ਇੱਥੇ ਗੈਰ-ਸਮਾਜੀ ਅਨਸਰਾਂ ਦੀ ਸਰਗਰਮੀ ਵੱਧਣ ਦਾ ਖਦਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੰਦ ਲਾਈਟਾਂ ਚਾਲੂ ਨਾ ਕਰਵਾਈਆਂ ਗਈਆਂ ਤਾਂ ਇਹ ਪਾਰਕ ਪਰਿਵਾਰਾਂ ਅਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਅਸੁਰੱਖਿਅਤ ਹੋ ਸਕਦਾ ਹੈ। ਇਲਾਕਾ ਨਿਵਾਸੀਆਂ ਨੇ ਨਗਰ ਕੌਂਸਲ ਅਤੇ ਇਸ ਦੇ ਪ੍ਰਧਾਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੰਨੇ ਮਹੱਤਵਪੂਰਨ ਜਨਤਕ ਸਥਾਨ ਦੀ ਦੁਰਦਸ਼ਾ ਦੇ ਬਾਵਜੂਦ ਨਾ ਤਾਂ ਨਿਯਮਤ ਸਫਾਈ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਮਿੱਟੀ ਤੇ ਮਲਬੇ ਦੇ ਢੇਰ ਹਟਾਉਣ ਲਈ ਕੋਈ ਪ੍ਰਭਾਵੀ ਕਾਰਵਾਈ ਕੀਤੀ ਗਈ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਰਹੂਮ ਕਮਲ ਸ਼ਰਮਾ ਯਾਦਗਾਰੀ ਪਾਰਕ ਦੇ ਅੰਦਰ ਤੇ ਬਾਹਰ ਤੁਰੰਤ ਸਫਾਈ ਕਰਵਾਈ ਜਾਵੇ, ਜੰਗਲੀ ਬੂਟੀ ਦੀ ਕਟਾਈ ਕੀਤੀ ਜਾਵੇ, ਮਿੱਟੀ ਤੇ ਮਲਬੇ ਦੇ ਢੇਰ ਹਟਾਏ ਜਾਣ, ਬੰਦ ਪਈਆਂ ਲਾਈਟਾਂ ਨੂੰ ਚਾਲੂ ਕੀਤਾ ਜਾਵੇ ਤੇ ਪਾਰਕ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਇਸ ਜਨਤਕ ਸਹੂਲਤ ਦਾ ਅਸਲ ਲਾਭ ਮਿਲ ਸਕੇ।