ਜ਼ੀਰਾ, 4 ਅਪ੍ਰੈਲ(ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਸੁਖਮੰਦਰ ਸਿੰਘ ਸ਼ੂਸ਼ਕ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਜਿਸ ਵਿਚ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਮੀਟਿੰਗ ਦੌਰਾਨ ਕਿਸਾਨ ਆਗੂ ਕਿਰਨਪਾਲ ਸਿੰਘ ਸੋਢੀਵਾਲਾ ਅਤੇ ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ ਆਦਿ ਆਗੂਆਂ ਨੇ ਹਾਲ ਹੀ ਵਿਚ ਪੰਜਾਬ 'ਚ ਆਏ ਝੱਖੜ ਅਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਕਣਕ ਅਤੇ ਸਬਜ਼ੀ ਦੀ ਫਸਲ ਦੇ ਹੋਏ ਨੁਕਸਾਨ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ | ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਕਰਕੇ ਪਹਿਲਾਂ ਹੀ ਮਟਰਾਂ ਦੀ ਖੇਤੀ ਘਾਟੇ ਵਿਚ ਰਹੀ | ਜਿਸ ਕਾਰਨ ਕਈ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਹੀ ਮਟਰ ਦੀ ਫਸਲ ਵਾਹ ਦਿੱਤੀ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਆਲੂਆਂ ਦੀ ਫਸਲ ਦੀ ਘੱਟ ਕੀਮਤ ਨੇ ਕਿਸਾਨਾਂ ਦਾ ਆਰਥਿਕ ਨੁਕਸਾਨ ਕੀਤਾ | ਕਈ ਕਿਸਾਨਾਂ ਨੇ ਮਾਰਕੀਟ ਵਿਚ ਘੱਟ ਕੀਮਤਾਂ ਕਰਕੇ ਆਪਣਾ ਆਲੂ ਕੋਲਡ ਸਟੋਰਾਂ ਵਿਚ ਲਗਾਉਣਾ ਪਿਆ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਕੇਂਦਰ ਜਾਂ ਪੰਜਾਬ ਕਿਸੇ ਵੀ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ | ਇਹਨਾਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਆਫ਼ਤ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਦਾ ਜੋ ਨੁਕਸਾਨ ਹੋਇਆ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਇਸ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਦੇਵੇ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ ਤੋਂ ਇਲਾਵਾ ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ, ਕਿਰਨਪਾਲ ਸਿੰਘ ਸੋਢੀਵਾਲਾ ਮੀਤ ਪ੍ਰਧਾਨ ਪੰਜਾਬ, ਬਲਵਿੰਦਰ ਸਿੰਘ ਜ਼ੀਰਾ ਪੈੱ੍ਰਸ ਸਕੱਤਰ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਨੰਦ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਜਿੰਦਰ ਸਿੰਘ ਮਰਖਾਈ ਜ਼ਿਲ੍ਹਾ ਮੀਤ ਪ੍ਰਧਾਨ, ਚਮਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ, ਸਰਵਣ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਰੇਸ਼ਮ ਸਿੰਘ ਸੈਕਟਰੀ, ਗੁਰਵਿੰਦਰ ਸਿੰਘ ਜਨਰਲ ਸਕੱਤਰ, ਬਲਵਿੰਦਰ ਸਿੰਘ ਜਨਰਲ ਸਕੱਤਰ, ਰਵੀ ਸਿੰਘ ਮਨਸੂਰਦੇਵਾ ਆਦਿ ਕਿਸਾਨ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ |