ਫ਼ਿਰੋਜ਼ਸ਼ਾਹ, 4 ਅਪੈ੍ਰਲ (ਸਰਬਜੀਤ ਸਿੰਘ ਧਾਲੀਵਾਲ)-ਸੰਪੂਰਨ ਅਭਿਆਨ 2.0 ਦੇ ਤਹਿਤ ਸੀ.ਐੱਚ.ਸੀ ਫ਼ਿਰੋਜ਼ਸ਼ਾਹ ਦੀ ਟੀਮ ਵਲੋਂ ਪਿੰਡ ਸ਼ਹਿਜ਼ਾਦੀ ਵਿਖੇ ਟੀ.ਬੀ. ਸਕਰੀਨਿੰਗ ਕੈਂਪ ਲਗਾਇਆ ਗਿਆ | ਸਕਰੀਨਿੰਗ ਕੈਂਪ ਵਿਚ ਪਿੰਡ ਵਾਸੀਆਂ ਦੇ ਮੁਫ਼ਤ ਐਕਸਰੇ ਵੀ ਕੀਤੇ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਟੀ.ਬੀ. ਮੁਕਤ ਭਾਰਤ ਦਾ ਟੀਚਾ ਮਿਥਿਆ ਗਿਆ ਹੈ | ਜਿਸ ਤਹਿਤ ਬਲਾਕ ਫ਼ਿਰੋਜ਼ਸ਼ਾਹ ਦੇ ਕਈ ਪਿੰਡਾਂ ਨੂੰ ਹਾਈ ਰਿਸਕ ਕੈਟਾਗਰੀ ਵਿਚ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਏ ਦੇ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਟੀਬੀ ਦੇ ਟੈਸਟ ਅਤੇ ਐਕਸਰੇ ਮੁਫ਼ਤ ਕੀਤੇ ਜਾਂਦੇ ਹਨ | ਇਸੇ ਲੜੀ ਤਹਿਤ ਅੱਜ ਪਿੰਡ ਸ਼ਹਿਜ਼ਾਦੀ ਵਿਖੇ ਟੀ.ਬੀ. ਸਕਰੀਨਿੰਗ ਕੀਤੀ ਗਈ | ਕੈਂਪ ਵਿਚ ਵੱਡੀ ਗਿਣਤੀ ਲੋਕਾਂ ਵਲੋਂ ਟੀ.ਬੀ. ਦੀ ਜਾਂਚ ਕਰਵਾਈ ਗਈ | ਇਸ ਦੌਰਾਨ ਜਾਂਚ ਵਿਚ ਪਾਜੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਵੇਗਾ | ਹਰਦੀਪ ਸਿੰਘ ਬਲਾਕ ਐਕਸਟੈਨਸ਼ਨ ਐਜੂਕੇਟਰ ਵਲੋਂ ਟੀ.ਬੀ. ਦੇ ਲੱਛਣ ਅਤੇ ਇਸ ਦੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਹਰਪ੍ਰੀਤ ਕੌਰ ਰੇਡੀਓਗ੍ਰਾਫਰ, ਮਨਪ੍ਰੀਤ ਕੌਰ ਸੀ.ਐੱਚ.ਓ, ਸਰਪੰਚ ਜਗਮੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਮੈਂਬਰ ਪੰਚਾਇਤ ਧਰਮਪ੍ਰੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ |