ਫ਼ਾਜ਼ਿਲਕਾ, 5 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੰਨਵਾਲਾ ਹਨੂਵੰਤਾ ਵਿਚ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਕੀਤਾ ਹੈ | ਬੀਤੇ ਦਿਨੀਂ ਹੋਈ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਜ਼ਮੀਨ 'ਤੇ ਵਿਛ ਗਈ ਹੈ, ਜਿਸ ਨਾਲ ਪੈਦਾਵਾਰ ਵਿਚ ਵੱਡੀ ਗਿਰਾਵਟ ਆਉਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਪਿੰਡ ਦੇ ਕਿਸਾਨ ਜਸ਼ਨ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਕਰੀਬ 500 ਏਕੜ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ | ਉਨ੍ਹਾਂ ਕਿਹਾ ਕਿ ਗੜੇਮਾਰੀ ਕਾਰਨ ਕਣਕ ਦਾ ਦਾਣਾ ਖ਼ਰਾਬ ਹੋ ਗਿਆ ਹੈ ਅਤੇ ਹੁਣ ਹਾਲਾਤ ਇਹ ਹਨ ਕਿ ਫ਼ਸਲ ਤੋਂ ਤੂੜੀ ਬਣਨਾ ਵੀ ਮੁਸ਼ਕਲ ਹੋ ਗਿਆ ਹੈ | ਕਿਸਾਨਾਂ ਅਨੁਸਾਰ ਜਿਸ ਖੇਤ ਵਿਚੋਂ ਪਹਿਲਾਂ 70 ਮਣ ਦੇ ਕਰੀਬ ਝਾੜ ਮਿਲਦਾ ਸੀ, ਉੱਥੇ ਹੁਣ 10 ਮਣ ਫ਼ਸਲ ਨਿਕਲਣੀ ਵੀ ਅÏਖੀ ਜਾਪ ਰਹੀ ਹੈ | ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਕਈਆਂ ਨੇ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲਈ ਹੋਈ ਹੈ | ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਲਈ ਹੁਣ ਫ਼ਸਲ ਦੀ ਕਟਾਈ ਦਾ ਖ਼ਰਚਾ ਵੀ ਦੁੱਗਣਾ ਹੋ ਜਾਵੇਗਾ | ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ |