ਗੁਰੂਹਰਸਹਾਏ, 5 ਅਪ੍ਰੈਲ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂਹਰਸਹਾਏ ਸ਼ਹਿਰ ਵਿਚ ਸ੍ਰੀ ਬਾਲਾ ਜੀ ਸੇਵਾ ਸੰਘ ਐਂਡ ਚੈਰੀਟੇਬਲ ਸੋਸਾਇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ 20ਵਾਂ ਸਾਲਾਨਾ ਸ੍ਰੀ ਹਨੂਮਾਨ ਜਾਗਰਨ ਸ਼ਰਧਾ ਅਤੇ ਧੂਮਧਾਮ ਨਾਲ ਸ਼ਹਿਰ ਦੇ ਮੇਨ ਬਾਜ਼ਾਰ ਨਾਲ ਲੱਗਦੇ ਸ੍ਰੀ ਗੁਰੂ ਨਾਨਕ ਚੌਕ ਵਿਖੇ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਹਾਜ਼ਰੀ ਲਗਵਾਈ | ਜਾਗਰਨ ਦੀ ਸ਼ੁਰੂਆਤ ਰਾਤ 9 ਵਜੇ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਕਰਵਾ ਕੇ ਕੀਤੀ ਗਈ ਅਤੇ ਦੇਰ ਰਾਤ ਤੱਕ ਜਾਗਰਨ ਚੱਲਦਾ ਰਿਹਾ | ਇਸ ਮੌਕੇ ਭਜਨ ਗਾਇਕਾ ਈਤੀ ਵਰਮਾ ਐਂਡ ਪਾਰਟੀ (ਬਠਿੰਡਾ) ਵਲੋਂ ਸ੍ਰੀ ਹਨੂਮਾਨ ਦੇ ਸੁੰਦਰ ਭਜਨਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਪ੍ਰਬੰਧਕਾਂ ਵਲੋਂ ਜਾਗਰਨ ਦਾ ਪ੍ਰਸਾਰਨ ਵੱਡੀ ਐਲ.ਈ.ਡੀ ਸਕਰੀਨ 'ਤੇ ਵੀ ਕੀਤਾ ਗਿਆ | ਇਸ ਦੇ ਨਾਲ ਹੀ ਸ੍ਰੀ ਬਾਲਾਜੀ ਦਾ ਵਿਸ਼ੇਸ਼ ਦਰਬਾਰ ਵੀ ਸਜਾਇਆ ਗਿਆ | ਜਿਸ ਨੇ ਸੰਗਤ ਦਾ ਖਾਸ ਧਿਆਨ ਖਿੱਚਿਆ | ਇਸ ਮੌਕੇ ਪਿ੍ੰਸ ਗਲਹੋਤਰਾ, ਕਪਿਲ ਢੀਂਗਰਾ, ਗੌਰਵ ਕਾਮਰਾ, ਕੁਸ਼ਲ ਗਿਰਧਰ (ਟੀਟੂ), ਨਵਦੀਪ ਅਰੋੜਾ, ਰਮਨ ਕੁਮਾਰ, ਰਿਦਮ ਮੋਂਗਾ, ਪੰਮਾ ਸੀਕਰੀ, ਵਿਜੈ ਕੁਮਾਰ ਅਤੇ ਰਮੇਸ਼ ਕੁਮਾਰ ਸਮੇਤ ਕਮੇਟੀ ਦੇ ਮੈਂਬਰ ਹਾਜ਼ਰ ਰਹੇ, ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ | ਜਾਗਰਨ ਦੌਰਾਨ ਸੰਗਤ ਲਈ ਅਟੁੱਟ ਲੰਗਰ ਦੀ ਵੀ ਵਿਵਸਥਾ ਕੀਤੀ ਗਈ |