ਫ਼ਿਰੋਜ਼ਪੁਰ, 6 ਮਾਰਚ (ਗੁਰਿੰਦਰ ਸਿੰਘ)-ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਪ੍ਰਚਾਰ-ਪ੍ਰਸਾਰ ਨੂੰ ਮਜ਼ਬੂਤ ਬਣਾਉਣ ਲਈ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਲਈ ਕੋਰ ਗਰੁੱਪ ਦੀ ਚੋਣ ਕੀਤੀ ਗਈ ਹੈ | ਇਸ ਗਰੁੱਪ ਵਿਚ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸਮਾਜ ਸੇਵੀ, ਕਾਨੂੰਨੀ ਮਾਹਿਰ, ਸਿੱਖਿਆ ਅਤੇ ਜਾਗਰੂਕ ਨਾਗਰਿਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾਉਣਗੇ | ਬੀਤੇ ਦਿਨੀਂ ਚੰਡੀਗੜ੍ਹ ਵਿਖੇ ਕਰਵਾਏ ਗਏ ਸੰਮੇਲਨ ਦੌਰਾਨ ਹਾਈਕੋਰਟ ਦੇ ਜੱਜ ਹਰਕੇਸ਼ ਮਨੁਜਾ ਅਤੇ ਨਮਿਤ ਕੁਮਾਰ, ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਸੰਤ ਪ੍ਰਕਾਸ਼, ਮੈਂਬਰ ਜਸਟਿਸ ਗੁਰਬੀਰ ਸਿੰਘ, ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ, ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ, ਚੰਡੀਗੜ੍ਹ ਦੇ ਡੀ.ਜੀ.ਪੀ ਪ੍ਰੀਤ ਸਾਗਰ ਹੁੱਡਾ, ਸਪੈਸ਼ਲ ਡੀ.ਜੀ.ਪੀ ਮਨੁੱਖੀ ਅਧਿਕਾਰ ਨਰੇਸ਼ ਅਰੋੜਾ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਬੱਚਿਆਂ ਦੀ ਸੁਰੱਖਿਆ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁਨੀਤ ਰੁਚੀ ਬਾਵਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਰਹੀਆਂ | ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਵਿਚ ਸਮਾਜ ਸੇਵੀ ਦਲਜੀਤ ਸਿੰਘ ਮਹਾਲਮ, ਨੈਸ਼ਨਲ ਅਤੇ ਸਟੇਟ ਐਵਾਰਡੀ ਗੁਰਨਾਮ ਸਿੱਧੂ, ਨਰਿੰਦਰ ਸਿੰਘ ਕੇਸਰ, ਪ੍ਰਹਿਲਾਦ ਸੰਗੇਲੀਆ, ਅਮਰਜੀਤ ਕੌਰ ਛਾਬੜਾ, ਸੰਦੀਪ ਕੌਰ ਸਿੱਧੂ, ਚਾਨਣ ਸਿੰਘ ਖਹਿਰਾ, ਸਤਨਾਮ ਸਿੰਘ ਵੱਲੀਆਂ, ਤੋਤਾ ਸਿੰਘ ਲਾਡੀ, ਗੁਰਨੂਰ ਸਿੰਘ ਬਰਾੜ, ਪਰਮਜੀਤ ਸਿੰਘ, ਅਮਨ ਮੌਂਗਾ ਅਤੇ ਰੋਹਿਤ ਰਾਜਪੂਤ ਨੂੰ ਮੈਂਬਰ ਵਜੋਂ ਚੁਣਿਆ ਗਿਆ ਹੈ | ਕੋਰ ਗਰੁੱਪ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਮਸਲਿਆਂ ਦੀ ਪਹਿਚਾਣ ਕਰਨਾ, ਪੀੜਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਅਤੇ ਸਰਕਾਰ ਤੇ ਕਮਿਸ਼ਨ ਦਰਮਿਆਨ ਸਾਂਝ ਮਜ਼ਬੂਤ ਕਰਨੀ ਹੈ | ਇਸ ਦੇ ਨਾਲ ਹੀ ਗਰੁੱਪ ਵਲੋਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਸਮੇਂ-ਸਮੇਂ 'ਤੇ ਕੈਂਪ, ਸੈਮੀਨਾਰ ਅਤੇ ਜਨ-ਸੁਣਵਾਈਆਂ ਵੀ ਕਰਵਾਈਆਂ ਜਾਣਗੀਆਂ | ਚੁਣੇ ਗਏ ਮੈਂਬਰਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜਲਦ ਹੀ ਦਫ਼ਤਰ ਸਥਾਪਿਤ ਕੀਤਾ ਜਾਵੇਗਾ ਜਿੱਥੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਯਤਨ ਕੀਤੇ ਜਾਣਗੇ |