ਜ਼ੀਰਾ, 7 ਅਪ੍ਰੈਲ(ਹੀਰਾ)-ਆਗਾਮੀ ਕਣਕ ਦੇ ਸੀਜ਼ਨ ਨੂੰ ਮੱਦੇ ਨਜ਼ਰ ਰੱਖਦਿਆਂ ਦਾਣਾ ਮੰਡੀ ਵਿਚ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਕਿਸਾਨਾਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਫਸਲਾਂ ਦੀ ਖ਼ਰੀਦ ਚੁਕਾਈ ਅਤੇ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਮੰਡੀਆਂ ਵਿਚ ਬਾਰਦਾਣੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖ਼ਰੀਦ ਪ੍ਰਕਿਰਿਆ ਨੂੰ ਨਿਰਵਿਘਨ ਚਲਾਇਆ ਜਾਵੇਗਾ | ਮੰਡੀਆਂ ਵਿਚ ਪੀਣ ਵਾਲਾ ਸਾਫ਼ ਪਾਣੀ ਬਿਜਲੀ ਛਾਂ 'ਤੇ ਸਾਫ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਉਹਨਾਂ ਦੱਸਿਆ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕਿ ਫਸਲਾਂ ਦੀ ਤਲਾਈ ਤੋਂ ਬਾਅਦ ਨਿਯਤ ਸਮੇਂ ਵਿਚ ਫਸਲ ਦੀ ਚੁਕਾਈ ਅਤੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਅਦਾਇਗੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ, ਆੜ੍ਹਤੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਇਸ ਸੀਜ਼ਨ ਨੂੰ ਸਫਲ ਬਣਾਇਆ ਜਾਵੇਗਾ | ਮੀਟਿੰਗ ਦੌਰਾਨ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਕੁਮਾਰ ਢੰਡ , ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ ਨੇ ਮੰਡੀਆਂ ਵਿਚ ਫਸਲਾਂ ਦੀ ਤੁਰੰਤ ਬੋਲੀ ਲਗਾਉਣ ਦੀ ਮੰਗ ਰੱਖੀ ਹਲਕਾ ਵਿਧਾਇਕ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਖੁਦ ਮੰਡੀਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲੈਂਦੇ ਰਹਿਣਗੇ | ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਿੱਧਾ ਉਸ ਨਾਲ ਜਾਂ ਚੇਅਰਮੈਨ ਇਕਬਾਲ ਸਿੰਘ ਢਿੱਲੋਂ ਜਾਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਸੰਪਰਕ ਕਰ ਸਕਦਾ ਹੈ | ਮੀਟਿੰਗ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਅਸ਼ਵਨੀ ਗੁਪਤਾ, ਖ਼ਜ਼ਾਨਚੀ ਬਸੰਤ ਸਿੰਘ ਧੰਜੂ, ਬਲਵੰਤ ਸਿੰਘ ਢਿੱਲੋਂ ਪ੍ਰਧਾਨ, ਭੁਪਿੰਦਰ ਸਿੰਘ ਵਿਰਕ, ਹਰਜਿੰਦਰ ਸਿੰਘ ਭਿੰਡਰ, ਅਮਰੀਕ ਸਿੰਘ ਆਹੂਜਾ, ਗੁਰਦੀਪ ਸਿੰਘ ਕਾਲਾ, ਵਰਿੰਦਰ ਜੈਨ ,ਸਤਵੰਤ ਸਿੰਘ ਗਿੱਲ ,ਅੰਗਰੇਜ਼ ਸਿੰਘ ਸਨੇਰ, ਹਨੀ ਜੈਨ , ਕੁਲਭੂਸ਼ਣ ਜੈਨ, ਵਿਜੇ ਕੁਮਾਰ ,ਪਾਲਾ ਸਿੰਘ ਸਨੇਰ ,ਬੰਟੀ ਭੂਸ਼ਨ ਆਦਿ ਮੈਂਬਰ ਵੀ ਹਾਜ਼ਰ ਸਨ |