ਫ਼ਿਰੋਜ਼ਪੁਰ, 9 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਤੋਂ ਸੱਤ ਤੇ ਕਾਬਜ਼ ਹੋਈ ਹੈ | ਉਸ ਦਿਨ ਤੋਂ ਅੱਜ ਤੱਕ ਅਜਿਹਾ ਕੋਈ ਦਿਨ ਨਹੀਂ, ਜਿਸ ਦਿਨ ਸਰਕਾਰੀ ਮੁਲਾਜ਼ਮਾਂ ਵਲੋਂ ਆਪਣੇ ਹੱਕ ਲਈ ਰੋਸ ਪ੍ਰਦਰਸ਼ਨ ਨਾ ਕੀਤਾ ਹੋਵੇ | ਇਸੇ ਤਰ੍ਹਾਂ ਆਂਗਣਵਾੜੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ, ਪਰ ਸੂਬਾ ਸਰਕਾਰ ਵਲੋਂ ਹਰ ਵਾਰ ਲਾਰਾ ਲੱਪਾ ਲਗਾ ਕੇ ਧਰਨਾ ਖ਼ਤਮ ਕਰਵਾ ਦਿੱਤਾ ਜਾਂਦਾ ਹੈ, ਪਰ ਇਸ ਵਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਵਿਚ ਮੁਲਾਜ਼ਮ ਨੇ ਮੋਬਾਈਲ ਨਾ ਮਿਲਣ ਦੇ ਰੋਸ ਵਿਚ ਡੀ.ਸੀ ਦਫਤਰ ਵਿਖੇ ਯੂਨੀਅਨ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਵਿਚ ਧਰਨਾ ਦੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਜਦ ਮੋਬਾਈਲ ਦੇਣ ਸਬੰਧੀ ਕੋਈ ਪੁਖ਼ਤਾ ਜਵਾਬ ਨਾ ਮਿਲਿਆ ਤਾਂ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਵਿਚ ਆਂਗਣਵਾੜੀ ਵਰਕਰਾਂ ਵਲੋਂ ਸੜਕ ਜਾਮ ਕਰਕੇ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਜਿਸ ਦੇ ਚੱਲਦੇ ਜ਼ਿਲ੍ਹਾ ਪੋ੍ਰਗਰਾਮ ਅਧਿਕਾਰੀ ਰੁਚਿਕਾ ਨੰਦਾ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਆਏ, ਜਿਨ੍ਹਾਂ ਦੇ ਵਿਸ਼ਵਾਸ ਦੇਣ ਪਿੱਛੋਂ ਆਂਗਣਵਾੜੀ ਵਰਕਰਾਂ ਨੇ ਸੜਕ ਤੋਂ ਧਰਨਾ ਚੁੱਕ ਲਿਆ | ਜ਼ਿਲ੍ਹਾ ਪ੍ਰਧਾਨ ਜਸਪਾਲ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਮੋਬਾਈਲ ਨਾ ਮਿਲਣ ਸਬੰਧੀ ਡੀ.ਸੀ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਨੂੰ ਸਾਲ 2018 ਤੋਂ ਮੋਬਾਈਲ ਦਿੱਤੇ ਜਾ ਰਹੇ ਹਨ ਤੇ ਹਰ ਚਾਰ ਸਾਲ ਪਿੱਛੋਂ ਨਵੇਂ ਮੋਬਾਈਲ ਦਿੱਤੇ ਜਾਣੇ ਸੀ | ਜਿਸ ਦਾ ਬਜਟ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ, ਪਰ ਪੰਜਾਬ ਸਰਕਾਰ ਨੇ 8 ਸਾਲਾਂ ਬਾਅਦ ਆਂਗਣਵਾੜੀ ਵਰਕਰਾਂ ਲਈ ਮੋਬਾਈਲ ਖ਼ਰੀਦੇ ਹਨ, ਜੋ ਕਿ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਦਫਤਰ ਵਿਖੇ ਪਹੁੰਚ ਚੁੱਕੇ ਹਨ | ਪਰ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਦੀ ਵੰਡ ਨਹੀਂ ਕੀਤੀ ਜਾ ਰਹੀ | ਜਿਸ ਕਰਕੇ ਮੁਲਾਜ਼ਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਕੋਲ ਨਵੀਂ ਤਕਨੀਕ ਵਾਲੇ ਮੋਬਾਈਲ ਨਾ ਹੋਣ ਕਰਕੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਪਾਲ ਕੌਰ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਨੂੰ ਇਕ ਗੁਪਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜੋ ਮੋਬਾਈਲ ਫੋਨ ਫ਼ਿਰੋਜ਼ਪੁਰ ਦੀਆਂ ਆਂਗਣਵਾੜੀ ਮੁਲਾਜ਼ਮਾਂ ਲਈ ਆਏ ਹਨ, ਉਹ ਲੁਧਿਆਣਾ ਵਿਖੇ ਸ਼ਿਫ਼ਟ ਕੀਤੇ ਜਾ ਰਹੇ ਹਨ ਜੋ ਸ਼ਰੇਆਮ ਧੱਕੇਸ਼ਾਹੀ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਾਂਤਾ ਰਾਣੀ, ਜ਼ਿਲ੍ਹਾ ਕੈਸ਼ੀਅਰ ਰਜਵੰਤ ਕੌਰ ਅਟਾਰੀ, ਸਰਕਲ ਪ੍ਰਧਾਨ ਰਜਨੀ ਬਾਰੇ ਕੇ, ਸਰਕਲ ਪ੍ਰਧਾਨ ਅਮਨਦੀਪ ਕੌਰ ਖਾਈ, ਸਰਕਲ ਪ੍ਰਧਾਨ ਸਿਮਰਨਜੀਤ ਕੌਰ ਸੋਢੇਵਾਲਾ, ਸਰਕਲ ਪ੍ਰਧਾਨ ਬਲਜੀਤ ਕੌਰ ਇਲਮੇ ਵਾਲਾ, ਸਰਕਲ ਪ੍ਰਧਾਨ ਕੰਚਨ ਰਾਣੀ ਗ਼ੁਲਾਮ ਹੁਸੈਨ ਵਾਲਾ ਅਤੇ ਵੱਡੀ ਸੰਖਿਆ ਵਿਚ ਆਂਗਣਵਾੜੀ ਮੁਲਾਜ਼ਮ ਹਾਜ਼ਰ ਸਨ |