ਫ਼ਿਰੋਜ਼ਪੁਰ, 9 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਦੇ ਮੌਜੂਦਾ ਹਲਾਤ ਜਾਣਨ ਲਈ ਭਾਰਤੀ ਕਿਸਾਨ ਕਾਦੀਆਂ ਦੇ ਜ਼ਿਲ੍ਹਾ ਗੁਰਿੰਦਰ ਸਿੰਘ ਖਹਿਰਾ ਆਪਣੇ ਸਾਥੀਆਂ ਸਮੇਤ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਪਹੁੰਚੇ | ਉਨ੍ਹਾਂ ਮੌਜੂਦਾ ਹਲਾਤ ਜਾਣਨ ਪਿੱਛੋਂ ਦੱਸਿਆ ਕਿ ਸੂਬਾ ਸਰਕਾਰ ਦੇ ਮੰਡੀਆਂ ਵਿਚ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਸਬੰਧੀ ਦਾਅਵੇ ਸਭ ਖੋਖਲੇ ਹਨ | ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਛਾਉਣੀ ਮੰਡੀ ਵਿਚ ਕਿਸਾਨ ਵੀਰ ਪੁੱਤਾਂ ਵਾਂਗ ਪਾਲੀ ਫਸਲ ਨੂੰ ਲੈ ਕੇ ਬੈਠੇ ਹੋਏ ਹਨ, ਪਰ ਦੇਖਿਆ ਗਿਆ ਕਿ ਮੰਡੀ ਵਿਚ ਨਾ ਸਰਕਾਰੀ ਅਫਸਰ, ਨਾ ਬਾਰਦਾਣੇ ਦਾ ਪ੍ਰਬੰਧ ਹੋਇਆ ਦਿਖਾਈ ਦਿੱਤਾ | ਪ੍ਰਧਾਨ ਖਹਿਰਾ ਨੇ ਦੱਸਿਆ ਕਿ ਦੂਜੇ ਪਾਸੇ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੁਕਾਏ ਹੋਏ ਹਨ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ 'ਤੇ ਹਲਕਾ ਵਿਧਾਇਕ ਰਜਨੀਸ਼ ਦਹੀਆ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚਲੇ ਪ੍ਰਬੰਧਾਂ ਦੀ ਤੁਰੰਤ ਜਾਂਚ ਕਰਕੇ ਖ਼ਰੀਦ ਨੂੰ ਸ਼ੁਰੂ ਕਰਵਾਇਆ ਜਾਵੇ, ਤਾਂਕਿ ਕਿਸਾਨ ਵੀਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾਵੇ | ਇਸ ਮੌਕੇ ਬਲਾਕ ਪ੍ਰਧਾਨ ਗੁਰਮੇਲ ਸਿੰਘ, ਕਮੇਟੀ ਮੈਂਬਰ ਜੋਗਾ ਸਿੰਘ, ਵਣ ਸਿੰਘ, ਨਸੀਬ ਸਿੰਘ ਖਾਰਾ, ਸੁਬੇਗ ਸਿੰਘ ਖਹਿਰਾ ਜੰਡ ਸਿੰਘ ਵਸਤੀ ਆਦਿ ਹਾਜ਼ਰ ਸਨ |