ਫ਼ਿਰੋਜ਼ਪੁਰ, 9 ਅਪ੍ਰੈਲ (ਗੁਰਿੰਦਰ ਸਿੰਘ)-ਬੀਤੇ ਕੱਲ੍ਹ ਫਿਰੋਜ਼ਪੁਰ ਫ਼ਾਜ਼ਿਲਕਾ ਸੜਕ 'ਤੇ ਕਾਰ ਤੇ ਐਕਟਿਵਾ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਦੇ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਇਸ ਹਾਦਸੇ ਵਿਚ ਐਕਟਿਵਾ ਸਵਾਰ ਇਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋਇਆ ਸੀ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਤਕ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਭਰਾ ਮਨਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਤੇ ਉਸ ਦਾ ਭਰਾ ਹਰਪ੍ਰੀਤ ਸਿੰਘ ਉਰਫ਼ ਹੈਪੀ ਆਪਣੇ ਦੋਸਤਾਂ ਨਾਲ ਇਕ ਦੋਸਤ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਐਕਟਿਵਾ ਨੰਬਰੀ ਪੀਬੀ 05 ਏ.ਟੀ 1641 ਰਾਹੀਂ ਘਰ ਵਾਪਸ ਜਾ ਰਹੇ ਸੀ ਤਾਂ ਜਦ ਉਹ ਪਿੰਡ ਹਾਜੀ ਛੀਬਾ ਪਾਸ ਪੁੱਜੇ ਤਾਂ ਸਾਹਮਣੇ ਤੋਂ ਇਕ ਸਵਿਫ਼ਟ ਕਾਰ ਨੰਬਰੀ ਪੀਬੀ 15 ਵੀ 7265 ਦੇ ਚਾਲਕ ਨੇ ਬੜੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਭਰਾ ਤੇ ਉਸ ਦੇ ਦੋਸਤ ਦੀ ਐਕਟਿਵਾ ਵਿਚ ਮਾਰੀ, ਕਾਰ ਐਕਟਿਵਾ ਨੂੰ ਘੜੀਸ ਕੇ ਖਤਾਨਾ ਵਿਚ ਲੈ ਗਈ | ਇਸ ਨਾਲ ਉਸ ਦੇ ਭਰਾ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਅਤੇ ਉਸ ਦੇ ਦੋਸਤ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਐਕਟਿਵਾ ਸਾਰੀ ਟੁੱਟ ਗਈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਐਕਟਿਵਾ ਅਤੇ ਕਾਰ ਸਵਿਫ਼ਟ ਕਬਜ਼ੇ ਵਿਚ ਲੈ ਕੇ ਮਿ੍ਤਕ ਦੇ ਭਰਾ ਮਨਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਮਨਦੀਪ ਕੁਮਾਰ ਪੁੱਤਰ ਮਥਰਾ ਦਾਸ ਵਾਸੀ ਸੁਕੜ ਚੱਕ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜਿਲਕਾ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |