ਗੁਰੂਹਰਸਹਾਏ, 11 ਅਪ੍ਰੈਲ (ਕਪਿਲ ਕੰਧਾਰੀ)-ਗੁਰੂਹਰਸਹਾਏ ਵਿਚ ਚਰਚਿਤ ਮਜ਼ਦੂਰਾਂ ਦੇ ਫੱਕ ਮਾਮਲੇ ਨੂੰ ਲੈ ਕੇ ਬਣੀ ਫੱਕ ਘੁਟਾਲਾ ਵਿਰੋਧੀ ਐਕਸ਼ਨ ਕਮੇਟੀ ਵਲੋਂ ਸੰਬੰਧਿਤ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਰੇਲਵੇ ਪਾਰਕ ਵਿਚ ਇਕੱਠੇ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਮਾਰਚ ਕੀਤਾ | ਪ੍ਰਦਰਸ਼ਨਕਾਰੀਆਂ ਨੇ ਫੱਕ ਚੋਰੀ ਮਾਮਲੇ ਦੇ ਮੁੱਖ ਦੋਸ਼ੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਦਿੱਤਾ | ਇਸ ਪ੍ਰਦਰਸ਼ਨ ਵਿਚ ਫੱਕ ਘੁਟਾਲੇ ਤੋਂ ਪੀੜਤ ਮਜ਼ਦੂਰਾਂ, ਮਹਿਲਾ ਮਜ਼ਦੂਰਾਂ, ਨੌਜਵਾਨਾਂ, ਬੱਚਿਆਂ ਅਤੇ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਫੱਕ ਘੁਟਾਲਾ ਵਿਰੋਧੀ ਐਕਸ਼ਨ ਕਮੇਟੀ ਗੁਰੂਹਰਸਹਾਏ ਦੇ ਕਨਵੀਨਰ ਜ਼ੈਲ ਸਿੰਘ ਚੱਪਾੜਿੱਕੀ ਨੇ ਪੈੱ੍ਰਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਦਾਣਾ ਮੰਡੀ ਗੁਰੂਹਰਸਹਾਏ ਵਿਚ ਕੁੱਝ ਰਾਜਨੀਤਿਕ ਸ਼ਹਿ ਪ੍ਰਾਪਤ ਲੋਕਾਂ ਵਲੋਂ ਵੱਡੇ ਪੱਧਰ 'ਤੇ ਫੱਕ ਘੁਟਾਲਾ ਕਰਕੇ ਮਜ਼ਦੂਰਾਂ ਦੇ ਲੱਖਾਂ ਰੁਪਏ ਗ਼ਬਨ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਚਿਤਾਵਨੀ ਧਰਨਾ ਦਿੱਤਾ ਗਿਆ ਹੈ | ਹਾਜ਼ਰ ਆਗੂਆਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੱਕ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਤੁਰੰਤ ਮਾਮਲੇ ਦਰਜ ਕੀਤੇ ਜਾਣ ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕੁਲਦੀਪ ਸਿੰਘ ਮੋਠਾਂ ਵਾਲਾ, ਰੀਟਾ ਰਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਬਹਿਰਾਮ ਕੇ ਦੇ ਅੰਗਰੇਜ਼ ਸਿੰਘ, ਲੋਕ ਅਧਿਕਾਰ ਲਹਿਰ ਦੇ ਗੁਰਦਾਸ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਰਾਜ ਕੌਰ, ਖ਼ਾਲਸਾ ਪੱਲੇਦਾਰ ਯੂਨੀਅਨ ਦੇ ਸਤਨਾਮ ਸਿੰਘ ਕਚੂਰਾ, ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਗੁਰਨਾਮ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਦੇ ਛਿੰਦਾ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਾਸਟਰ ਪੂਰਨ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ |