ਫ਼ਿਰੋਜ਼ਪੁਰ, 11 ਅਪ੍ਰੈਲ (ਗੁਰਿੰਦਰ ਸਿੰਘ)-ਦੁਨੀਆ ਵਿਚ ਵੱਸਦੇ ਪੰਜਾਬੀਆਂ ਦਾ ਸਿਰ ਇਕ ਵਾਰ ਫਿਰ ਮਾਣ ਨਾਲ ਉੱਚਾ ਹੋ ਗਿਆ | ਜਦੋਂ ਅਰਵਿੰਦਰ ਸਿੰਘ ਖੋਸਾ ਨੇ ਕਿ੍ਕੇਟ ਕੈਨੇਡਾ ਦੇ ਪ੍ਰਧਾਨ ਦੀ ਚੋਣ ਜਿੱਤਣ ਵਿਚ ਕਾਮਯਾਬੀ ਹਾਸਲ ਕਰ ਲਈ | ਅੱਜ ਇੱਥੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਅਰਵਿੰਦਰ ਸਿੰਘ ਖੋਸਾ ਦੇ ਸਰੀਰਕ ਸਿੱਖਿਆ ਅਧਿਆਪਕ ਰਹੇ ਸਟੇਟ ਅਤੇ ਰਾਸ਼ਟਰੀ ਐਵਾਰਡ ਜੇਤੂ ਗੁਰਨਾਮ ਸਿੱਧੂ ਗਾਮਾ ਨੇ ਦੱਸਿਆ ਕਿ ਅਰਵਿੰਦਰ ਸਿੰਘ ਖੋਸਾ ਉਰਫ਼ ਅਫਰੀਦੀ ਫ਼ਿਰੋਜ਼ਪੁਰ ਦੇ ਪਿੰਡ ਕੋਠਾ ਅੰਬਰਹਰ ਦਾ ਜੰਮਪਲ ਹੈ | ਉਹ ਦੇ ਪਿਤਾ ਸਵਰਗਵਾਸੀ ਨਿਸ਼ਾਨ ਸਿੰਘ ਖੋਸਾ ਅਤੇ ਚਾਚਾ ਸੁਖਵੰਤ ਸਿੰਘ ਖੋਸਾ (ਸਾਬਕਾ ਸੀਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ) ਦੀ ਪ੍ਰੇਰਨਾ ਸਦਕਾ ਹੀ ਉਹ ਕਿ੍ਕੇਟ ਖੇਡਣ ਲੱਗਾ ਸੀ | ਉਸ ਨੇ ਮੁੱਢਲੀ ਪੜ੍ਹਾਈ ਫ਼ਿਰੋਜ਼ਪੁਰ ਦੇ ਡਾਲ ਚੰਦ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ ਤੋਂ ਅਤੇ ਉੱਚ ਵਿੱਦਿਆ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ ਤੋਂ ਹਾਸਲ ਕੀਤੀ ਹੈ | ਅਰਵਿੰਦਰ ਦੇ ਖੇਡਣ ਦੇ ਸਟਾਈਲ ਕਰਕੇ ਹੀ ਉਸ ਦੇ ਹਾਣੀ 'ਅਫ਼ਰੀਕੀ' ਕਹਿਕੇ ਬੁਲਾਉਂਦੇ ਹਨ | ਕੈਨੇਡਾ ਤੋਂ ਫ਼ੋਨ 'ਤੇ ਗੱਲਬਾਤ ਕਰਦਿਆਂ ਅਰਵਿੰਦਰ ਖੋਸਾ ਨੇ ਦੱਸਿਆ ਕਿ ਕੈਨੇਡਾ ਕਿ੍ਕਟ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਸਨ | ਇਹ ਚੋਣਾਂ ਕਰਵਾਉਣ ਲਈ ਆਈ.ਸੀ.ਸੀ. ਵਲੋਂ ਵੀ ਜ਼ੋਰ ਪਾਇਆ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਹਾਰ ਕੇ ਉਹਨਾਂ ਵਲੋਂ ਅਦਾਲਤ ਦਾ ਬੂਹਾ ਖੜਕਾਇਆ ਗਿਆ | ਸੁਪਰੀਮ ਕੋਰਟ ਦੇ ਹੁਕਮਾਂ 'ਤੇ ਬੀਤੇ ਕੱਲ੍ਹ ਹੋਈਆਂ ਕੈਨੇਡਾ ਕਿ੍ਕੇਟ ਚੋਣਾਂ ਵਿਚ 10 ਵਿਚੋਂ 8 ਸਟੇਟਾਂ ਅਰਵਿੰਦਰ ਖੋਸਾ ਦੇ ਹੱਕ ਵਿਚ ਭੁਗਤੀਆਂ | ਵੱਡੀ ਲੀਡ ਨਾਲ ਜਿੱਤੇ ਇਸ ਨੌਜਵਾਨ ਤੋਂ ਕੈਨੇਡਾ ਵਾਸੀ ਕਿ੍ਕੇਟ ਦੇ ਸੁਨਹਿਰੀ ਭਵਿੱਖ ਨੂੰ ਵੇਖ ਰਹੇ ਹਨ | ਉਨ੍ਹਾਂ ਕਿਹਾ ਕਿ ਕੈਨੇਡਾ ਕਿ੍ਕਟ ਲਈ ਉਹ ਆਪਣੀ ਪੂਰੀ ਰੂਹ ਲਗਾ ਦੇਣਗੇ | ਅਰਵਿੰਦਰ ਖੋਸਾ ਦੇ ਕੈਨੇਡਾ ਕਿ੍ਕੇਟ ਪ੍ਰਧਾਨ ਬਣਨ 'ਤੇ ਪਰਿਵਾਰ ਨੂੰ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ | ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਗੁਰਨਾਮ ਸਿੱਧੂ, ਸੁਖਜਿੰਦਰ ਸਿੰਘ ਕੁੱਲਗੜ੍ਹੀ, ਗੁਰਭੇਜ ਟਿੱਬੀ, ਲਖਵਿੰਦਰ ਜੌੜਾ, ਸਟੇਟ ਐਵਾਰਡੀ ਗੁਰਿੰਦਰ ਸਿੰਘ, ਅਦਾਕਾਰ ਹਰਿੰਦਰ ਭੁੱਲਰ, ਯਾਦਵਿੰਦਰ ਯਾਦੂ ਬਰਾੜ, ਗੁਰਪ੍ਰੀਤ ਬਰਾੜ ਆਸਟ੍ਰਰੇਲੀਆ, ਉਸ ਦੇ ਅਧਿਆਪਕ ਵਿਕਰਮ ਅਦਿੱਤਿਆ, ਕੁਲਬੀਰ ਮਲਿਕ, ਕੁਲਵਿੰਦਰ ਸ਼ਰਮਾ, ਹਰੀ ਓਮ, ਪਿ੍ਤਪਾਲ ਕੌਰ ਸਿੱਧੂ, ਜਸਵਿੰਦਰ ਪੁੰਨੂੰ ਆਦਿ ਨੇ ਵਧਾਈਆਂ ਦਿੰਦਿਆਂ ਕਿਹਾ ਕਿ ਅਰਵਿੰਦਰ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ |