ਮਮਦੋਟ, 13 ਅਪ੍ਰੈਲ(ਰਾਜਿੰਦਰ ਸਿੰਘ ਹਾਂਡਾ)-ਰਾਜ ਦੀਆਂ ਅਨਾਜ ਮੰਡੀਆਂ ਵਿਚ ਪਿਛਲੇ ਕਈ ਦਿਨਾਂ ਤਾੋ ਕਣਕ ਦੀ ਫਸਲ ਆ ਰਹੀ ਹੈ, ਪਰੰਤੂ ਹੁਣ ਪਿਛਲੇ ਤਿੰਨ-ਚਾਰ ਦਿਨ ਤੋਂ ਵਢਾਈ ਦਾ ਜ਼ੋਰ ਪੈਣ ਕਾਰਨ ਮੰਡੀਆਂ ਵਿਚ ਕਣਕ ਦੀ ਆਮਦ ਤੇਜ਼ ਹੋਣ ਨਾਲ ਕਣਕ ਦੀਆਂ ਢੇਰੀਆਂ ਦੇ ਅੰਬਾਰ ਲੱਗ ਗਏ ਹਨ | ਪੰਜਾਬ ਸਰਕਾਰ ਦੇ ਐਲਾਨ ਮੁਤਾਬਿਕ ਰਸਮੀ ਤੌਰ 'ਤੇ ਕਣਕ ਸਰਕਾਰੀ ਖ਼ਰੀਦ 1 ਅਪ੍ਰੈਲ ਤੋ ਸ਼ੁਰੂ ਹੋਣੀ ਸੀ, ਪਰੰਤੂ ਇਸ ਇਲਾਕੇ ਦੀਆਂ ਮੰਡੀਆਂ ਅੰਦਰ ਹਕੀਕਤ ਵਿਚ ਅਜੇ ਤੱਕ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ | ਜਿਸ ਦਾ ਮੁੱਖ ਕਾਰਨ ਰਾਜ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਹੜਤਾਲ 'ਤੇ ਚਲੇ ਜਾਣਾ ਹੈ | ਰਾਜ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮੰਗ ਹੈ ਕਿ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ 'ਤੇ ਪਿਛਲੇ ਦਿਨੀ ਚੱਲੀਆਂ ਹਨੇਰੀਆਂ, ਪਈਆਂ ਬਾਰਸ਼ਾਂ ਅਤੇ ਗੜੇਮਾਰੀ ਦਾ ਅਸਰ ਕਣਕ ਦੇ ਦਾਣਿਆਂ ਅਤੇ ਰੰਗ ਵਿਚ ਵੇਖਣ ਨੂੰ ਮਿਲ ਰਿਹਾ ਹੈ | ਜਿਸ ਨਾਲ ਕਣਕ ਦੀ ਕੁਆਲਿਟੀ ਵਿਚ ਵੀ ਫ਼ਰਕ ਪਿਆ ਹੈ | ਖ਼ਰੀਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਣਕ ਖ਼ਰੀਦ ਕੇ ਅੱਗੇ ਕੇਂਦਰੀ ਖ਼ਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਹਵਾਲੇ ਕਰਨੀ ਹੈ | ਇਸ ਲਈ ਕੇਂਦਰ ਸਰਕਾਰ ਅਤੇ ਕੇਂਦਰੀ ਖ਼ਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਰਾਜ ਦੀਆਂ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਕਣਕ ਲੈਣ ਲਈ ਨਿਰਧਾਰਿਤ ਕੀਤੇ ਮਾਪਦੰਡਾਂ ਵਿਚ ਛੋਟ ਦੇਣੀ ਚਾਹੀਦੀ ਹੈ | ਇਸੇ ਮੰਗ ਨੂੰ ਲੈ ਕੇ ਰਾਜ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹੜਤਾਲ 'ਤੇ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਹੁਣ ਤੱਕ 25 ਤੋ 30 ਪ੍ਰਤੀਸ਼ਤ ਕਣਕ ਕਟਾਈ ਉਪਰੰਤ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿਚ ਪਹੁੰਚ ਚੁੱਕੀ ਹੈ ਅਤੇ ਉੱਪਰੋਂ ਕਟਾਈ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ | ਜਿਸ ਨਾਲ ਅਗਲੇ ਇਕ ਦੋ ਦਿਨ ਵਿਚ 50 ਪ੍ਰਤੀਸ਼ਤ ਤੱਕ ਕਣਕ ਕਟਾਈ ਉਪਰੰਤ ਮੰਡੀਆਂ ਵਿਚ ਪਹੁੰਚ ਜਾਵੇਗੀ | ਜਿਸ ਨਾਲ ਮੰਡੀਆਂ ਵਿਚ ਕਣਕ ਉਤਾਰਨ ਲਈ ਥਾਂ ਨਹੀਂ ਮਿਲੇਗੀ, ਉੱਪਰੋਂ ਖ਼ਰੀਦ ਨਾ ਹੋਣ ਕਾਰਨ ਪੰਜਾਬ ਸਰਕਾਰ, ਆੜ੍ਹਤੀਆਂ ਅਤੇ ਪੰਜਾਬ ਮੰਡੀ ਬੋਰਡ ਉੱਪਰ ਵੀ ਦਬਾਅ ਵਧੇਗਾ | ਉੱਪਰੋਂ ਮੌਸਮ ਦੀ ਲੁੱਕਣ-ਮੀਚੀ ਕਾਰਨ ਫਸਲ ਸੰਭਾਲਣ ਨੂੰ ਲੈ ਕੇ ਚਿੰਤਤ ਕਿਸਾਨ ਵਰਗ ਧਰਨਿਆਂ ਮੁਜ਼ਾਹਰਿਆਂ ਦੇ ਰਾਹ ਪੈਣ ਲਈ ਮਜਬੂਰ ਹੋਵੇਗਾ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ, ਮਹਿੰਦਰ ਸਿੰਘ ਵਧਾਉਣ ਸਮੇਤ ਹੋਰ ਕਿਸਾਨਾਂ ਅਤੇ ਆੜ੍ਹਤੀ ਆਗੂ ਕੁਲਦੀਪ ਸਿੰਘ ਲਹੌਰੀਆ,ਅਵਤਾਰ ਸਿੰਘ ਲੋਧਰਾਂ,ਕੁਲਵੰਤ ਸਿੰਘ ਜੋਸਨ ਨੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਣਕ ਦੀ ਕੁਆਲਿਟੀ ਵਿਚ ਛੋਟ ਦੇ ਕੇ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ |