ਅਬੋਹਰ, 21 ਅਪ੍ਰੈਲ (ਵਿਵੇਕ ਹੂੜੀਆ)-ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਬੱਬਲ ਬੁੱਟਰ ਨੇ ਅਬੋਹਰ ਵਿਚ ਸਕੂਲੀ ਕਿਤਾਬਾਂ ਦੇ ਨਾਂ 'ਤੇ ਹੋ ਰਹੀ ਕਥਿਤ ਲੁੱਟ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕਿਤਾਬਾਂ ਵੇਚਣ ਵਾਲੇ ਦੁਕਾਨਦਾਰ ਬੱਚਿਆਂ ਦੇ ਮਾਪਿਆਂ ਕੋਲੋਂ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ | ਕਿਤਾਬਾਂ ਸਿਰਫ਼ ਪਿ੍ੰਟ ਰੇਟ 'ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਸੇ ਵੀ ਗਾਹਕ ਨੂੰ ਪੱਕਾ ਬਿੱਲ ਨਹੀਂ ਦਿੱਤਾ ਜਾ ਰਿਹਾ | ਬੱਬਲ ਬੁੱਟਰ ਨੇ ਦੱਸਿਆ ਕਿ ਖ਼ਾਸ ਕਰਕੇ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਦੀ ਇਕ ਕਿਤਾਬ ਦੀ ਕੀਮਤ 250 ਤੋਂ 450 ਰੁਪਏ ਤੱਕ ਵਸੂਲੀ ਜਾ ਰਹੀ ਹੈ, ਜਿਸ ਕਾਰਨ ਇਕ ਬੱਚੇ ਦੀਆਂ ਕਿਤਾਬਾਂ ਦਾ ਕੁੱਲ ਖਰਚਾ 4 ਤੋਂ 5 ਹਜ਼ਾਰ ਰੁਪਏ ਤੱਕ ਪਹੁੰਚ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਕਰੋੜਾਂ-ਅਰਬਾਂ ਰੁਪਏ ਦੀ ਇਹ ਲੁੱਟ ਬਿਨਾਂ ਕਿਸੇ ਨਿਯੰਤਰਨ ਦੇ ਜਾਰੀ ਹੈ | ਛੋਟੇ ਬੱਚਿਆਂ ਲਈ ਇੰਨੀਆਂ ਮਹਿੰਗੀਆਂ ਕਿਤਾਬਾਂ ਖ਼ਰੀਦਣਾ ਆਮ ਪਰਿਵਾਰਾਂ ਦੇ ਵੱਸ ਤੋਂ ਬਾਹਰ ਹੋ ਰਿਹਾ ਹੈ | ਕਿਤਾਬਾਂ ਦੀਆਂ ਕੀਮਤਾਂ ਦੇ ਨਾਲ-ਨਾਲ ਉਨ੍ਹਾਂ ਨੇ ਬੱਚਿਆਂ ਦੇ ਸਕੂਲੀ ਬੈਗਾਂ ਦੇ ਲਗਾਤਾਰ ਵਧ ਰਹੇ ਵਜ਼ਨ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਭਾਰੀ ਬੈਗ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪਾ ਰਹੇ ਹਨ | ਅਕਾਲੀ ਆਗੂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਤਾਬਾਂ ਦੇ ਰੇਟ ਫਿਕਸ ਕੀਤੇ ਜਾਣ ਅਤੇ ਇਸ ਸਬੰਧੀ ਸਖ਼ਤ ਨੀਤੀ ਬਣਾਈ ਜਾਵੇ |