ਬੱਲੂਆਣਾ, 21 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਦੁਤਾਰਾਂਵਾਲੀ ਅਤੇ ਸੀਤੋ ਗੰੁਨੋ੍ਹ ਵਿਖੇ ਬਣੀਆਂ ਦਾਣਾ ਮੰਡੀਆਂ 'ਚ ਸਰਕਾਰ ਵਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਕਣਕ ਦੇ ਵੱਡੇ-ਵੱਡੇ ਢੇਰ ਇਹ ਦਰਸਾ ਰਹੇ ਹਨ ਕਿ ਮੰਡੀਆਂ ਵਿਚ ਬਾਰਦਾਣੇ ਦੀ ਘਾਟ ਦੇ ਨਾਲ ਲਿਫ਼ਟਿੰਗ ਵੀ ਨਹੀਂ ਹੋ ਰਹੀ | ਕਿਸਾਨਾਂ ਦੀ ਸੋਨੇ ਵਰਗੀ ਫ਼ਸਲ ਮੰਡੀਆਂ ਦੇ ਨਾਲ ਲੱਗਦੀ ਕੱਚੀ ਜਗ੍ਹਾ ਵਿਚ ਰੁਲ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਮੰਡੀਆਂ ਵਿਚ ਲਾਈਟਾਂ ਲੱਗੀਆਂ ਹਨ ਪਰ ਜਗਦੀਆਂ ਨਹੀਂ | ਜਿਸ ਕਾਰਨ ਰਾਤ ਸਮੇਂ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਦੋਨਾਂ ਮੰਡੀਆਂ ਵਿਚ ਠੰਢੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ | ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਸਾਫ਼ ਵੀ ਨਹੀਂ ਹੈ | ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਵਿਚ ਲਿਫ਼ਟਿੰਗ ਤੇਜ਼ ਕੀਤੀ ਜਾਵੇ | ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਬਾਰਦਾਣੇ ਦੀ ਘਾਟ ਨਾ ਆਉਣ ਦਿੱਤੀ ਜਾਵੇ |