ਫ਼ਿਰੋਜ਼ਪੁਰ, 23 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਸ਼ਹਿਰ ਅੰਦਰ ਜਿੱਥੇ ਆਵਾਰਾ ਪਸ਼ੂਆਂ ਦੇ ਨਾਲ ਹੋ ਰਹੇ ਹਾਦਸਿਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ | ਉੱਥੇ ਆਵਾਰਾ ਕੁੱਤਿਆਂ ਦੇ ਕਹਿਰ ਨਾਲ ਜ਼ਖਮੀ ਲੋਕਾਂ ਦੀ ਸੰਖਿਆ ਵਧਦੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਸ਼ਹਿਰ ਦੇ ਹਰ ਕੋਨੇ ਤੇ ਮੁਹੱਲਿਆਂ ਵਿਚ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਦਿਨ ਬ ਦਿਨ ਵੱਧ ਰਹੀ ਸੰਖਿਆ ਨੇ ਲੋਕਾਂ ਦਾ ਰਹਿਣਾ ਦੁੱਭਰ ਕੀਤਾ ਹੋਇਆ ਹੈ | ਜਿਸ ਕਰਕੇ ਸਕੂਲੀ ਵਿਦਿਆਰਥੀਆਂ, ਮਹਿਲਾਵਾਂ, ਬੱਚੇ ਅਤੇ ਬਜ਼ੁਰਗਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਸ਼ਹਿਰ ਦੀ ਜਨਤਾ ਵਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖ ਕੇ ਵੀ ਦਿੱਤਾ ਗਿਆ ਹੈ, ਪਰ ਕੋਈ ਠੋਸ ਕਾਰਵਾਈ ਹੋਈ ਨਜ਼ਰ ਨਹੀਂ ਆ ਰਹੀ ਹੈ | ਇੱਥੇ ਦੱਸਣਾ ਅਹਿਮ ਹੈ ਕਿ ਬੀਤੇ ਕੁਝ ਦਿਨ ਪਹਿਲਾ ਇਕ ਨੌਜਵਾਨ ਲੜਕੇ ਦੇ ਮੌਤ ਕੁੱਤੇ ਦੇ ਕੱਟਣ ਕਰਕੇ ਹੋ ਗਈ ਸੀ | ਜਿਸ ਪਿੱਛੋਂ ਇਕ ਮਹਿਲਾ ਵੀ ਆਵਾਰਾ ਕੁੱਤਿਆਂ ਦਾ ਸ਼ਿਕਾਰ ਬਣੀ | ਜਿਸ ਦੇ ਹੇਠ ਨੂੰ ਇਨ੍ਹਾਂ ਜ਼ਖਮੀ ਕਰ ਦਿੱਤਾ ਗਿਆ ਕਿ ਉਸ ਦੀ ਸਰਜਰੀ ਹੋਈ ਹੈ | ਆਵਾਰਾ ਕੁੱਤਿਆਂ ਦੇ ਕਹਿਰ ਤੋਂ ਦੁਖੀ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ ਹੈ ਕਿ ਸ਼ਹਿਰ ਵਾਸੀ ਰੋਜ਼ਾਨਾ ਸਵੇਰੇ ਆਪਣਾ ਨਿੱਤ ਨੇਮ ਕਰਨ ਲਈ ਮੰਦਰ, ਗੁਰਦੁਆਰੇ ਪਾਠ ਪੂਜਾ ਕਰਨ ਲਈ ਘਰੋਂ ਨਿਕਲਦੇ ਹਨ ਤਾਂ ਇਹ ਆਵਾਰਾ ਜਾਨਵਰ ਹੱਥ ਵਿਚ ਫੜੀਆਂ ਚੀਜ਼ਾਂ ਨੂੰ ਖੋਹਣ ਦੇ ਮੰਤਵ ਨਾਲ ਹਮਲਾ ਕਰ ਦਿੰਦੇ ਹਨ | ਜਿਸ ਨਾਲ ਕਈ ਲੋਕ ਇਨ੍ਹਾਂ ਦੇ ਸ਼ਿਕਾਰ ਬਣ ਚੁੱਕੇ ਹਨ | ਜਿਸ ਕਰਕੇ ਲੋਕਾਂ ਵਿਚ ਇਨ੍ਹਾਂ ਸਹਿਮ ਪੈਦਾ ਹੋ ਗਿਆ ਹੈ ਕਿ ਲੋਕ ਘਰ ਰਹਿਣ ਲਈ ਮਜਬੂਰ ਹੋ ਗਏ ਹਨ | ਅਜਿਹਾ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ | ਜਿਸ ਵਿਚ ਜਾਣਕਾਰੀ ਮਿਲੀ ਹੈ ਕਿ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੀ ਮਹਿਲਾ ਕਰਮਚਾਰੀ ਜੋ ਡਿਊਟੀ ਕਰਨ ਲਈ ਕਿਸੇ ਕਿਸੇ ਖੇਤਰ ਵਿਚ ਗਈ ਸੀ | ਜਿੱਥੇ ਆਵਾਰਾ ਕੁੱਤਿਆਂ ਵਲੋਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਮੁਲਾਜ਼ਮ ਸੁਖਜਿੰਦਰ ਕੌਰ ਵਲੋਂ ਆਪਣੇ ਏਰੀਏ ਹਾਊਸਿੰਗ ਬੋਰਡ ਕਾਲੋਨੀ ਵਿਚ ਛੋਟੇ ਬੱਚਿਆਂ ਦੇ ਟੀਕਾਕਰਨ ਲਈ ਗਈ ਸੀ, ਜਦ ਉਹ ਕੰਮ ਕਰਨ ਲਈ ਦੂਸਰੇ ਪਾਸੇ ਜਾ ਰਹੀ ਸੀ ਤਾਂ ਉਸ ਤੇ ਇਕ ਆਵਾਰਾ ਕੁੱਤੇ ਨੇ ਹਮਲਾ ਕਰਕੇ ਬੁਰੀ ਤਰ੍ਹਾਂ ਕੱਟ ਲਿਆ | ਜਿਸ ਨੂੰ ਇਲਾਜ ਲਈ ਜਲਦ ਲੋਕਾਂ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਲਿਜਾਇਆ ਗਿਆ | ਜਿੱਥੇ ਉਸ ਦਾ ਇਲਾਜ ਤੁਰੰਤ ਕਰਦੇ ਹੋਏ ਟੀਕਾਕਰਨ ਕੀਤਾ ਗਿਆ | ਇਸ ਦੌਰਾਨ ਹਾਜ਼ਰ ਆਵਾਰਾ ਕੁੱਤਿਆਂ ਦੇ ਕੱਟਣ ਪਿੱਛੋਂ ਟੀਕਾਕਰਨ ਦੇ ਇੰਚਾਰਜ ਮੈਡਮ ਪਰਮਪਾਲ ਕੌਰ ਸੋਢੀ ਨੇ ਦੱਸਿਆ ਕਿ ਲਗਾਤਾਰ ਛੇ ਮਹੀਨੇ ਤੋਂ ਕੁੱਤੇ ਕੱਟਣ ਵਾਲੇ ਮਰੀਜ਼ ਆ ਰਹੇ ਹਨ, ਪਰ ਮਾਰਚ ਅਤੇ ਅਪ੍ਰੈਲ ਮਹੀਨੇ ਦੌਰਾਨ ਲਗਭਗ 480 ਦੇ ਕਰੀਬ ਮਰੀਜ਼ ਕੁੱਤੇ ਕੱਟਣ ਵਾਲੇ ਆਏ ਹਨ | ਜਿਨ੍ਹਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਵਾਰਾ ਕੁੱਤਿਆਂ ਦੇ ਕਹਿਰ ਕਰਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ |