ਫਿਰੋਜ਼ਪੁਰ: 24 ਅਪ੍ਰੈਲ (ਚਾਵਲਾ): ਸਪੈਸ਼ਲ ਡੀ.ਜੀ.ਪੀ. ਰੇਲਵੇ (ਪਟਿਆਲਾ) ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਡੀ.ਐੱਸ.ਪੀ. (ਜੀ.ਆਰ.ਪੀ.) ਫਿਰੋਜ਼ਪੁਰ ਦੀ ਯੋਗ ਨਿਗਰਾਨੀ ਹੇਠ, ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਦੀ ਪੁਲਿਸ ਨੇ ਮੋਟਰਸਾਈਕਲ ਚੋਰ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਮਹਿਜ਼ 4 ਦਿਨਾਂ ਦੇ ਅੰਦਰ ਗਿ੍ਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਨਵੀਨ ਕੁਮਾਰ, ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੋਨਿਸ਼ ਪੁੱਤਰ ਅਸ਼ੋਕ ਕੁਮਾਰ, ਵਾਸੀ ਫਿਰੋਜ਼ਪੁਰ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਮੋਟਰਸਾਈਕਲ ਨੰਬਰ ਪੀ.ਬੀ. 05 ਏ. ਡੀ. 6436 ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਤੋਂ ਚੋਰੀ ਹੋ ਗਿਆ ਹੈ | ਇਸ ਸਬੰਧੀ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 09 ਮਿਤੀ 18-04-26, 303(2), 317(2) ਬੀ.ਐੱਨ.ਐੱਸ.ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਵਿਚ ਕੀਤਾ ਗਿਆ | ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਸੁਰਜੀਤ ਸਿੰਘ ਵਲੋਂ ਮੋਟਰਸਾਈਕਲ ਅਤੇ ਦੋਸ਼ੀ ਦੀ ਭਾਲ ਲਈ ਵਿੱਢੀ ਗਈ ਮੁਹਿੰਮ ਤਹਿਤ ਕੱਲ੍ਹ ਮਿਤੀ 23-04-26 ਨੂੰ ਦੋਸ਼ੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ | ਦੋਸ਼ੀ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਦੂਲੋਂ ਕੇ ਨੱਥੂ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ | ਪੁਲਿਸ ਰਿਮਾਂਡ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸ ਨੇ ਇਕ ਹੋਰ ਮੋਟਰਸਾਈਕਲ ਹੀਰੋ ਹੋਂਡਾ ਸਪਲੈਂਡਰ ਪਲੱਸ, ਬਿਨਾਂ ਨੰਬਰੀ ਫ਼ਾਜ਼ਿਲਕਾ ਇਲਾਕੇ ਤੋਂ ਚੋਰੀ ਕੀਤਾ ਸੀ | ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ | ਇੰਸਪੈਕਟਰ ਨਵੀਨ ਕੁਮਾਰ ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ | ਮਾਮਲੇ ਦੀ ਅਗਲੀ ਤਫ਼ਤੀਸ਼ ਜਾਰੀ ਹੈ |