ਅਬੋਹਰ, 24 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅੰਤਰਰਾਸ਼ਟਰੀ ਵੈਸ਼ਯ ਮਹਾਂ ਸੰਮੇਲਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਆਪਣੀ ਕਾਰਜਕਾਰਨੀ ਦਾ ਵਿਸਥਾਰ ਕਰਦੇ ਹੋਏ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ | ਉਨ੍ਹਾਂ ਨੇ ਅਗਰਵਾਲ ਸਭਾ ਅਬੋਹਰ ਦੇ ਚੇਅਰਮੈਨ ਡਾ.ਸਾਹਿਲ ਮਿੱਤਲ ਨੂੰ ਸੰਗਠਨ ਦੇ ਯੂਥ ਵਿੰਗ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ ਨੂੰ ਭਾਈਚਾਰੇ ਦੇ ਨੌਜਵਾਨਾਂ ਲਈ ਇਕ ਸਕਾਰਾਤਮਿਕ ਕਦਮ ਮੰਨਿਆ ਜਾ ਰਿਹਾ ਹੈ | ਇਹ ਫ਼ੈਸਲਾ ਸੰਗਠਨ ਦੇ ਅੰਦਰ ਯੁਵਾ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ | ਇਸ ਮੌਕੇ ਸੁਰਿੰਦਰ ਸਿੰਗਲਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਡਾ.ਸਾਹਿਲ ਮਿੱਤਲ ਆਪਣੇ ਪਿਛਲੇ ਕੰਮਾਂ ਦੀ ਤਰ੍ਹਾਂ ਸਮਾਜ ਸੇਵਾ ਦੇ ਖੇਤਰ ਵਿਚ ਸਰਗਮ ਭੂਮਿਕਾ ਨਿਭਾਉਂਦੇ ਰਹਿਣਗੇ ਅਤੇ ਸੰਗਠਨ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿਚ ਯੋਗਦਾਨ ਪਾਉਣਗੇ | ਉਨ੍ਹਾਂ ਕਿਹਾ ਕਿ ਯੁਵਾ ਸ਼ਕਤੀ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਸਾਹਿਲ ਮਿੱਤਲ ਵਰਗੀ ਉਰਜਾਵਾਨ ਅਗਵਾਈ ਸੰਗਠਨ ਨੂੰ ਇਕ ਨਵੀਂ ਦਿਸ਼ਾ ਦੇਵੇਗੀ | ਆਪਣੀ ਨਿਯੁਕਤੀ ਲਈ ਧੰਨਵਾਦ ਪ੍ਰਗਟ ਕਰਦਿਆਂ ਡਾ.ਸਾਹਿਲ ਮਿੱਤਲ ਨੇ ਕਿਹਾ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਵਫ਼ਾਦਾਰੀ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਨਾ ਸਿਰਫ਼ ਸੰਗਠਨ ਦੇ ਵਿਸਥਾਰ ਦਾ ਸੰਕੇਤ ਦਿੰਦੀ ਹੈ ਸਗੋਂ ਇਹ ਵੀ ਦਰਸਾਉਂਦੀ ਹੈ ਕਿ ਸਮਾਜਿਕ ਸੰਗਠਨ ਹੁਣ ਨੌਜਵਾਨੀ ਨੂੰ ਲੀਡਰਸ਼ਿਪ ਭੂਮਿਕਾਵਾਂ ਵਿਚ ਲਿਆਉਣ 'ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ |