ਫਿਰੋਜ਼ਪੁਰ, 27 ਅਪ੍ਰੈਲ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਵਲੋਂ ਪਾਬੰਦੀਸ਼ੁਦਾ ਈ-ਸਿਗਰਟਾਂ ਦੇ ਵਪਾਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ਐਸ.ਆਈ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਪੁਲਿਸ ਨੂੰ ਭਰੋਸੇਯੋਗ ਇਤਲਾਹ ਮਿਲੀ ਸੀ ਕਿ ਆਕਾਸ਼ ਚਾਵਲਾ ਪੁੱਤਰ ਤਰਸੇਮ ਚਾਵਲਾ ਵਾਸੀ ਮਹੱਲਾ ਡੋਲੀਆਂ ਵਾਲਾ, ਫਿਰੋਜ਼ਪੁਰ ਸ਼ਹਿਰ ਵਿਚ ਵੈਪ (ਡਿਸਪੋਜ਼ੇਬਲ ਪੌਡ ਡਿਵਾਈਸ) ਅਤੇ ਈ-ਸਿਗਰਟ ਵੇਚਣ ਦਾ ਗ਼ੈਰਕਾਨੰੂਨੀ ਧੰਦਾ ਕਰ ਰਿਹਾ ਹੈ | ਇਤਲਾਹ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਰੇਡ ਕੀਤੀ ਅਤੇ ਦੋਸ਼ੀ ਨੂੰ 29 ਵੈਪ ਅਤੇ 21 ਵੱਖ-ਵੱਖ ਫਲੇਵਰ ਦੀਆਂ ਈ-ਸਿਗਰਟਾਂ ਦੀਆਂ ਡੱਬੀਆਂ ਸਮੇਤ ਕਾਬੂ ਕਰ ਲਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਇਹ ਸਮਾਨ ਨੌਜਵਾਨਾਂ ਦੀ ਸਿਹਤ ਲਈ ਘਾਤਕ ਹੈ , ਇਹਨਾਂ ਦੀ ਵਿਕਰੀ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਸੀ | ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਧਾਰਾ 125 ਬੀ.ਐਨ.ਐਸ. ਅਤੇ 336 ਆਈ.ਪੀ.ਸੀ. ਹੇਠ ਸਿਟੀ ਥਾਣਾ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ |