ਮੁੱਦਕੀ, 27 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)- ਰਾਸ਼ਟਰੀ ਆਲ ਇੰਡੀਆ ਐਗਰੋ ਇਨਪੁੱਟਸ ਡੀਲਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਭਰ ਦੇ ਵਪਾਰੀਆਂ ਵਲੋਂ ਇੱਕ ਦਿਨ ਦੀ ਪ੍ਰਤਿਕਾਤਮਕ ਹੜਤਾਲ ਕੀਤੀ ਗਈ, ਜਿਸ ਅਧੀਨ ਕਸਬਾ ਮੁੱਦਕੀ ਦੀਆਂ ਸਾਰੀਆਂ ਹੀ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰਹੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਕੁਮਾਰ ਨੇ ਦੱਸਿਆ ਕਿ ਖਾਦਾਂ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਡੀਲਰਾਂ ਨੂੰ ਧੱਕੇ ਨਾ ਹੋਰ ਵੀ ਗੈਰ ਜ਼ਰੂਰੀ ਚੀਜ਼ਾਂ ਲੈਣ ਲਈ ਮਜਬੂਰ ਕਰਦੀਆਂ ਹਨ | ਇਸ ਤੋਂ ਇਲਾਵਾ ਕੋਈ ਵੀ ਸੈਂਪਲ ਫ਼ੇਲ੍ਹ ਹੋਣ 'ਤੇ ਕਾਨੂੰਨੀ ਕਾਰਵਾਈ ਕੰਪਨੀ ਉੱਪਰ ਹੋਵੇ ਅਤੇ ਡੀਲਰ ਦੀ ਸਿਰਫ਼ ਗਵਾਹੀ ਹੋਵੇ | ਉਨ੍ਹਾਂ ਕਿਹਾ ਕਿ ਬੀਜ ਸਾਥੀ ਪੋਰਟਲ ਸਿਰਫ਼ ਕੰਪਨੀਆਂ ਤੱਕ ਸੀਮਿਤ ਹੋਵੇ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੈਸਟੀਸਾਈਡ ਡੀਲਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਲਾਇਸੈਂਸ ਉਸ ਦੇ ਵਾਰਿਸ ਨੂੰ ਦੇ ਦਿੱਤਾ ਜਾਂਦਾ ਹੈ, ਪਰ ਇਹ ਖਾਦਾਂ ਦੀਆਂ ਦੁਕਾਨਾਂ ਵਿਚ ਨਹੀਂ ਹੈ, ਜੇਕਰ ਪੈਸਟੀਸਾਈਡ 'ਚ ਇਹ ਕਾਨੂੰਨ ਹੈ ਤਾਂ ਖਾਦਾਂ ਵਿਚ ਵੀ ਹੋਣਾ ਚਾਹੀਦਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਗੋਰਾ, ਰਾਜੇਸ਼ ਕੁਮਾਰ, ਨਰਿੰਦਰ ਕੁਮਾਰ, ਅਮਨ ਕੁਮਾਰ ਈਸ਼ੂ, ਜਗਤਾਰ ਸਿੰਘ ਤੂੰਬੜ ਭੰਨ, ਰੋਹਿਤ ਕੁਮਾਰ ਕਾਲਾ ਆਦਿ ਹਾਜ਼ਰ ਸਨ |