ਫ਼ਿਰੋਜ਼ਪੁਰ, 27 ਅਪ੍ਰੈਲ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਦਾਜ ਮਾਮਲੇ 'ਚ ਨਾਮਜ਼ਦ ਪਤੀ ਅਤੇ ਸੱਸ-ਸਹੁਰੇ ਨੂੰ ਬਰੀ ਕੀਤਾ ਹੈ | ਮਿਲੀ ਜਾਣਕਾਰੀ ਪੀੜਤਾਂ ਸ਼ਰੂਤੀ (ਪਤਨੀ ਨਵੀਨ ਕੁਮਾਰ ਮੈਣੀ) ਨੇ ਸੀਨੀਅਰ ਕਪਤਾਨ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਆਪਣੇ ਪਤੀ, ਸੱਸ ਅਤੇ ਸਹੁਰੇ ਉੱਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ | ਦਰਖ਼ਾਸਤ ਅਨੁਸਾਰ ਪੀੜਤਾਂ ਦੀ ਸ਼ਾਦੀ 14 ਜਨਵਰੀ 2015 ਨੂੰ ਨਵੀਨ ਕੁਮਾਰ ਮੈਣੀ ਨਾਲ ਰੀਤੀ-ਰਿਵਾਜਾਂ ਅਨੁਸਾਰ ਹੋਈ ਸੀ | ਸ਼ਾਦੀ ਸਮੇਂ ਵਿਆਹੁਤਾ ਦੇ ਪਰਿਵਾਰ ਵਲੋਂ ਸੋਨੇ ਦੇ ਗਹਿਣੇ, ਮੋਟਰਸਾਈਕਲ ਅਤੇ ਹੋਰ ਸਮਾਨ ਦਿੱਤਾ ਗਿਆ ਸੀ | ਇਸ ਦੇ ਬਾਵਜੂਦ, ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਸੱਸ-ਸਹੁਰੇ ਅਤੇ ਪਤੀ ਵਲੋਂ ਕਾਰ ਜਾਂ 5-6 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ | ਪੀੜਤਾਂ ਨੇ ਦੱਸਿਆ ਕਿ ਮੰਗ ਪੂਰੀ ਨਾ ਕਰਨ 'ਤੇ ਉਸ ਨਾਲ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਮਾਨਸਿਕ ਤੌਰ 'ਤੇ ਵੀ ਤੰਗ ਕੀਤਾ ਜਾਂਦਾ ਸੀ | ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪੇਕੇ ਪਰਿਵਾਰ ਵਲੋਂ ਮਜਬੂਰੀ ਵਿਚ 2 ਲੱਖ ਰੁਪਏ ਦੇਣ ਦੇ ਬਾਵਜੂਦ ਵੀ ਉਸ ਨੰੂ ਰਾਹਤ ਨਹੀਂ ਮਿਲੀ ਅਤੇ ਮੰਗ ਜਾਰੀ ਰਹੀ | ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਉਸ ਦਾ ਨਿੱਕਾ ਬੱਚਾ ਵੀ ਆਪਣੇ ਕੋਲ ਰੱਖ ਲਿਆ ਅਤੇ ਉਸ ਨੰੂ ਘਰ ਤੋਂ ਕੱਢ ਦਿੱਤਾ | ਮਿਤੀ 23 ਅਕਤੂਬਰ 2019 ਨੂੰ ਹੋਈ ਇੱਕ ਘਟਨਾ ਦੌਰਾਨ ਪੀੜਤਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਨੰੂ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਇਸ ਬਾਬਤ ਮਹਿਲਾ ਥਾਣਾ ਪੁਲਿਸ ਨੇ 4 ਜੂਨ 2020 ਨੂੰ ਮਾਮਲਾ ਦਰਜ ਕੀਤਾ ਹੈ | ਚੱਲੇ ਮਾਮਲੇ ਵਿਚ ਮੁਲਜ਼ਮਾਂ ਦੀ ਪੈਰਵੀ ਵਕੀਲ ਗੌਰਵ ਧਵਨ ਵਲੋਂ ਕੀਤੀ ਗਈ | ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਅਨੂਪ ਸਿੰਘ ਦੀ ਅਦਾਲਤ ਨੇ ਪੇਸ਼ ਸਬੂਤਾਂ ਨੂੰ ਸਜ਼ਾ ਵਾਸਤੇ ਕਮਜ਼ੋਰ ਮੰਨਦੇ ਹੋਏ ਸਹੁਰੇ ਪਰਿਵਾਰ ਦੇ ਨਵੀਨ ਕੁਮਾਰ, ਰਮੇਸ਼ ਕੁਮਾਰ ਅਤੇ ਕਿਰਨ ਬਾਲਾ ਨੂੰ ਬਰੀ ਕਰਨ ਦਾ ਹੁਕਮ ਦਿੱਤਾ |