ਜ਼ੀਰਾ, 27 ਅਪ੍ਰੈਲ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਜ਼ੀਰਾ ਦੀ ਮਿਆਦ 8 ਅਪ੍ਰੈਲ 2026 ਨੂੰ ਖ਼ਤਮ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਜ਼ੀਰਾ ਦੀ ਨਵੇਂ ਸਿਰਿਓਾ ਕੀਤੀ ਗਈ ਵਾਰਡਬੰਦੀ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਹਰੀ ਝੰਡੀ ਦੇਣ ਤੋਂ ਬਾਅਦ ਚੋਣਾਂ ਦੀ ਤਿਆਰੀ ਵਜੋਂ ਵੋਟਾਂ ਦੀ ਸੁਧਾਈ ਦਾ ਕੰਮ ਖ਼ਤਮ ਹੋ ਚੁੱਕਾ ਹੈ | ਨਗਰ ਕੌਂਸਲ ਜ਼ੀਰਾ ਦੇ 17 ਵਾਰਡਾਂ ਦੀਆਂ ਸੂਚੀਆਂ ਦੀਆਂ ਤਰੁੱਟੀਆਂ ਨਗਰ ਕੌਂਸਲ ਜ਼ੀਰਾ ਦੇ ਪ੍ਰਬੰਧਕ ਐਸ.ਡੀ.ਐਮ. ਜ਼ੀਰਾ ਵਲੋਂ ਦੂਰ ਕਰਵਾਈਆਂ ਜਾ ਰਹੀਆਂ ਹਨ | ਸਿਆਸੀ ਮਾਹਿਰਾਂ ਦੇ ਮੁਤਾਬਿਕ ਚੋਣ ਕਮਿਸ਼ਨਰ ਵਲੋਂ ਜੂਨ ਮਹੀਨੇ ਵਿਚ ਚੋਣਾਂ ਲਈ ਕੋਈ ਵੀ ਤਰੀਕ ਨਿਸ਼ਚਿਤ ਕੀਤੀ ਜਾ ਸਕਦੀ ਹੈ ਜਿਸ ਨੂੰ ਵੇਖਦਿਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਦੋਂਕਿ ਉਨ੍ਹਾਂ ਦੇ ਸਿਆਸੀ ਆਕਾਵਾਂ ਵੱਲੋਂ ਆਪਣੇ ਕਈ ਵਫ਼ਾਦਾਰ ਸਿਪਾਹੀਆਂ ਨੂੰ ਤਾਂ ਚੋਣ ਲੜਨ ਲਈ ਅੰਦਰਖਾਤੇ ਹਰੀ ਝੰਡੀ ਵੀ ਦੇ ਦਿੱਤੀ ਗਈ ਹੈ | ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੁਝ ਉਮੀਦਵਾਰ ਜੋ ਆਪਣੇ ਅਸਰ- ਰਸੂਖ਼ ਵਾਲੇ ਵਾਰਡਾਂ ਵਿਚ ਚੋਣ ਲੜਨ ਦੇ ਚਾਹਵਾਨ ਹਨ, ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਲੰਮੇ ਸਮੇਂ ਤੋਂ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰਨ ਦੀਆਂ ਦੁਹਾਈਆਂ ਪਾ ਕੇ ਟਿਕਟਾਂ 'ਤੇ ਹੱਕ ਜਤਾ ਰਹੇ ਹਨ | ਚੋਣ ਕਮਿਸ਼ਨਰ ਵਲੋਂ ਨਗਰ ਕੌਂਸਲ ਚੋਣਾਂ ਦੀ ਤਰੀਕ ਦੇ ਐਲਾਨ ਦਾ ਵੋਟਰਾਂ ਵਲੋਂ ਵੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ | ਇਹ ਨਗਰ ਕੌਂਸਲ ਚੋਣਾਂ ਅਗਲੇ ਸਾਲ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਕਾਵਾਂ ਦਾ ਭਵਿੱਖ ਵੀ ਤੈਅ ਕਰਨਗੀਆਂ | ਨਗਰ ਕੌਂਸਲ ਜ਼ੀਰਾ ਦੀਆਂ ਪਿਛਲੀਆਂ ਚੋਣਾਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਮੁੱਖ ਤੌਰ ਤੇ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੁੰਦਾ ਰਿਹਾ ਹੈ ਪਰ ਇਹਨਾਂ ਚੋਣਾਂ ਵਿਚ ਪੰਜ ਕੋਨਾ ਮੁਕਾਬਲੇ ਹੋਣ ਦੇ ਅਨੁਸਾਰ ਹਨ | ਇਹਨਾਂ ਚੋਣਾਂ ਵਿਚ ਇਸ ਵਾਰ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ,ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਕੇ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ ਕਰ ਚੁੱਕੇ ਮੈਡਮ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਜੱਜ ਵੱਲੋਂ ਵੀ ਆਮ ਆਦਮੀ ਪਾਰਟੀ ਨਾਲ ਮਤਭੇਦ ਪੈਦਾ ਹੋਣ ਕਰਕੇ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਸਾਰੇ 17 ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕੀਤੇ ਜਾਣ ਦੀ ਸੰਭਾਵਨਾ ਹੈ |