ਕਿਸਾਨ ਨਾਲ ਵੱਜੀ 7 ਲੱਖ ਦੀ ਠੱਗੀ-ਤਲਵੰਡੀ
ਅਜੀਤ ਡੈਸਕ
28-04-2026
ਮੱਖੂ, 27 ਅਪ੍ਰੈਲ (ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਗਟ ਸਿੰਘ ਤਲਵੰਡੀ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਾਡੇ ਕਿਸਾਨ ਪਾਲਾ ਸਿੰਘ ਬਲਾਕ ਮੱਖੂ ਦੇ ਪਿੰਡ ਬੁਰਜ ਮੁਹੰਮਦ ਸ਼ਾਹ ਦੇ ਵਾਸੀ ਨਾਲ ਆੜ੍ਹਤੀਏ ਕੁਲਵੰਤ ਸਿੰਘ ਬੁਰਜ ਮੁਹੰਮਦ ਸ਼ਾਹ ਵਾਲੇ ਵਲੋਂ ਕਿਸਾਨ ਆਈ.ਡੀ ਬਣਾਉਣ ਲਈ ਦਿੱਤੇ ਚੈੱਕ ਦੀ ਦੁਰਵਰਤੋਂ ਕਰਦੇ ਹੋਏ ਪਾਲਾ ਸਿੰਘ ਦੇ ਖਾਤੇ ਵਿਚੋਂ 7 ਲੱਖ ਰੁਪਏ ਕਢਵਾਏ ਹਨ ਅਤੇ ਜਿਸ ਵਿਚ ਮੁਨੀਮ ਨਿਸ਼ਾਨ ਸਿੰਘ ਨੇ ਕੁਲਵੰਤ ਸਿੰਘ ਦਾ ਸਾਥ ਦਿੱਤਾ | ਕਿਸਾਨ ਆਗੂ ਤਲਵੰਡੀ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨ ਦੇ ਪੈਸੇ ਵਾਪਸ ਕਰਵਾਏ ਜਾਣ, ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਡੇ ਸੰਘਰਸ਼ ਦਾ ਐਲਾਨ ਕਰੇਗੀ ਦੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ | ਜਦ ਇਸ ਮਾਮਲੇ ਸਬੰਧੀ ਕੁਲਵੰਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ | ਇਸ ਮਾਮਲੇ 'ਤੇ ਨਿਸ਼ਾਨ ਸਿੰਘ ਨੇ ਕਿਹਾ ਕਿ ਮੈਨੂੰ ਇਸ ਮਾਮਲੇ ਵਿਚ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਹੈ | ਮੇਰਾ ਇਸ ਮਸਲੇ ਨਾਲ ਕੋਈ ਵੀ ਸੰਬੰਧ ਨਹੀਂ ਹੈ | ਮੈਂ ਆਪਣੇ ਪੈਸੇ ਕੁਲਵੰਤ ਸਿੰਘ ਤੋਂ ਲਏ ਹਨ ਪਾਲਾ ਸਿੰਘ ਦੇ ਪੈਸਿਆਂ ਨਾਲ ਮੇਰਾ ਕੋਈ ਵੀ ਲੈਣ ਦੇਣ ਨਹੀਂ ਹੈ |