ਪੰਜੇ ਕੇ ਉਤਾੜ, 5 ਮਈ (ਪੱਪੂ ਸੰਧਾ)-ਸਥਾਨਕ ਕਸਬੇ ਅੰਦਰ ਚੋਰਾਂ ਵਲੋਂ ਬੇਖ਼ੌਫ਼ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ 'ਚ ਖ਼ੌਫ਼ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅੱਜ ਇਕ ਹੋਰ ਘਟਨਾ ਨੂੰ ਅੰਜਾਮ ਦਿੰਦਿਆਂ ਚੋਰਾਂ ਵਲੋਂ ਦੁਪਹਿਰ ਸਮੇਂ ਪਿੰਡ ਪੰਜੇ ਕੇ ਉਤਾੜ ਅੰਦਰ ਇਕ ਘਰ 'ਚ ਦਾਖ਼ਲ ਹੁੰਦਿਆਂ 10 ਤੋਲੇ ਸੋਨਾ, 5 ਤੋਲੇ ਚਾਂਦੀ ਅਤੇ 2 ਮਹਿੰਗੀਆਂ ਘੜੀਆਂ ਚੋਰੀ ਕਰ ਲੈਣ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਕ੍ਰਿਸ਼ਨ ਲਾਲ ਢੋਟ ਵਾਸੀ ਪੰਜੇ ਕੇ ਉਤਾੜ ਨੇ ਦੱਸਿਆ ਕਿ ਉਸ ਦੀ ਬਰਤਨਾਂ ਦੀ ਦੁਕਾਨ ਹੈ ਤੇ ਉਹ ਦੁਕਾਨ 'ਤੇ ਗਿਆ ਸੀ ਅਤੇ ਉਸ ਦੀ ਨੂੰ ਹ ਤੇ ਪੁੱਤਰ ਵੀ ਬਾਹਰ ਨੌਕਰੀ 'ਤੇ ਗਏ ਹੋਏ ਸਨ | ਉਸ ਨੇ ਦੱਸਿਆ ਕਿ ਜਦ ਦੁਪਹਿਰ ਸਮੇਂ ਉਸ ਦਾ ਪੁੱਤਰ ਘਰ ਆਇਆ ਤਾਂ ਦੇਖਿਆ ਕਿ ਘਰ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਪੇਟੀ ਦੇ ਤਾਲੇ ਟੁੱਟੇ ਹੋਏ ਸਨ | ਕਿ੍ਸ਼ਨ ਲਾਲ ਢੋਟ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਉਸ ਨੂੰ ਚੋਰੀ ਸਬੰਧੀ ਫ਼ੋਨ 'ਤੇ ਦੱਸਿਆ ਕਿ ਘਰ ਵਿਚ ਚੋਰੀ ਹੋ ਗਈ ਹੈ ਅਤੇ ਜਦ ਉਨ੍ਹਾਂ ਦੇਖਿਆ ਤਾਂ ਘਰ 'ਚੋਂ 10 ਤੋਲੇ ਸੋਨਾ, 5 ਤੋਲੇ ਚਾਂਦੀ ਅਤੇ 2 ਵਿਦੇਸ਼ੀ ਮਹਿੰਗੀਆਂ ਘੜੀਆਂ ਚੋਰੀ ਹੋ ਗਈਆਂ ਸਨ | ਇਸ ਸਬੰਧੀ ਪੀੜਤ ਪਰਿਵਾਰ ਵਲੋਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਚੋਰੀ ਦੀ ਘਟਨਾ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦਾ ਚੋਰੀ ਹੋਇਆ ਸੋਨਾ ਅਤੇ ਚਾਂਦੀ ਵਾਪਸ ਦੁਆਇਆ ਜਾਵੇ |