ਗੁਰੂਹਰਸਹਾਏ, 5 ਮਈ (ਕਪਿਲ ਕੰਧਾਰੀ)ਸ਼ਹਿਰ ਅਤੇ ਇਲਾਕੇ 'ਚ ਬੈਂਕਾਂ ਵਿਚ ਨਕਦੀ ਦੀ ਕਮੀ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਬੈਂਕ ਸ਼ਾਖਾਵਾਂ ਅਤੇ ਏ.ਟੀ.ਐਮ ਵਿਚ ਕੈਸ਼ ਖ਼ਤਮ ਹੋਣ ਕਰਕੇ ਲੋਕ ਘੰਟਿਆਂ ਤੱਕ ਲਾਈਨਾਂ ਵਿਚ ਖੜ੍ਹੇ ਰਹਿਣ ਲਈ ਮਜਬੂਰ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਘਰ ਜਾਣਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਬੈਂਕਾਂ ਵਿਚ ਕੈਸ਼ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਖ਼ਾਸ ਕਰਕੇ ਦਿਹਾੜੀਦਾਰ ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਕਿਸਾਨਾਂ ਅਤੇ ਬਜ਼ੁਰਗ ਪੈਨਸ਼ਨਰਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਰੂਰੀ ਲੋੜਾਂ ਲਈ ਵੀ ਪੈਸੇ ਨਹੀਂ ਕੱਢ ਸਕਦੇ | ਜਿਸ ਕਾਰਨ ਘਰੇਲੂ ਖ਼ਰਚੇ ਚਲਾਉਣ ਵਿਚ ਸਮੱਸਿਆ ਆ ਰਹੀ ਹੈ | ਬੈਂਕਾਂ ਦੇ ਬਾਹਰ ਸਵੇਰੇ ਤੋਂ ਹੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ | ਕਈ ਥਾਵਾਂ 'ਤੇ ਏ.ਟੀ.ਐਮ ਮਸ਼ੀਨਾਂ ਤੇ ਵੀ ਕੈਸ਼ ਖ਼ਤਮ ਹੋ ਗਿਆ ਲੋਕ ਇਕ ਬੈਂਕ ਤੋਂ ਦੂਜੇ ਬੈਂਕ ਅਤੇ ਇਕ ਏ.ਟੀ.ਐਮ. ਤੋਂ ਦੂਜੇ ਏ.ਟੀ.ਐਮ ਤੱਕ ਚੱਕਰ ਲਗਾਉਂਦੇ ਰਹੇ | ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਉੱਪਰਲੇ ਪੱਧਰ ਤੋਂ ਕੈਸ਼ ਦੀ ਸਪਲਾਈ ਸਮੇਂ ਸਿਰ ਨਹੀਂ ਪਹੁੰਚ ਰਹੀ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਪਿੱਛੋਂ ਕੈਸ਼ ਪ੍ਰਾਪਤ ਹੋਵੇਗਾ, ਗਾਹਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇਗੀ | ਅਧਿਕਾਰੀਆਂ ਨੇ ਲੋਕਾਂ ਨੂੰ ਡਿਜ਼ਿਟਲ ਲੈਣ-ਦੇਣ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ ਕਈ ਲੋਕਾਂ ਨੇ ਪ੍ਰਸ਼ਾਸਨ ਅਤੇ ਬੈਂਕ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਕੈਸ਼ ਦੀ ਸਪਲਾਈ ਜਲਦ ਤੋਂ ਜਲਦ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਆ ਰਹੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ |