ਫ਼ਿਰੋਜ਼ਪੁਰ, 5 ਮਈ (ਗੁਰਿੰਦਰ ਸਿੰਘ)-ਜਨਗਣਨਾ-2027 ਦੀ ਤਿਆਰੀਆਂ ਦੇ ਤਹਿਤ ਲਗਾਈਆਂ ਜਾ ਰਹੀਆਂ ਡਿਊਟੀਆਂ ਦੌਰਾਨ ਬੁਨਿਆਦੀ ਸਹੂਲਤਾਂ ਦੀ ਕਮੀ ਦਾ ਮਾਮਲਾ ਸਾਹਮਣੇ ਆਇਆ ਹੈ | ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ 'ਚ ਤਾਇਨਾਤ ਜੂਨੀਅਰ ਸਹਾਇਕ ਕਿਰਨ ਕੁਮਾਰ ਵਲੋਂ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਾਰਜਕਾਰੀ ਅਫ਼ਸਰ-ਕਮ-ਚਾਰਜ ਜਨਗਣਨਾ ਅਫ਼ਸਰ ਨੂੰ ਲਿਖਤੀ ਬੇਨਤੀ ਦੇ ਕੇ ਲੋੜੀਂਦੇ ਐਂਡਰਾਇਡ ਮੋਬਾਈਲ ਡਿਵਾਈਸ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ ਹੈ | ਆਪਣੀ ਅਰਜ਼ੀ 'ਚ ਕਿਰਨ ਕੁਮਾਰ ਨੇ ਦੱਸਿਆ ਕਿ ਉਹ 4 ਮਈ ਨੂੰ ਜਨਗਣਨਾ ਡਿਊਟੀ ਲਈ ਹੋਈ ਪਹਿਲੀ ਰਿਹਰਸਲ 'ਚ ਸ਼ਾਮਿਲ ਹੋਏ ਸਨ | ਸਿਖਲਾਈ ਦੌਰਾਨ ਟਰੇਨਰ ਵਲੋਂ ਸਪੱਸ਼ਟ ਕੀਤਾ ਗਿਆ ਕਿ ਐਚ.ਐਲ.ਓ.ਐਪ ਨੂੰ ਚਲਾਉਣ ਲਈ ਘੱਟੋ-ਘੱਟ ਐਂਡਰਾਇਡ ਵਰਜਨ 12.0 ਵਾਲਾ ਸਮਾਰਟ ਫੋਨ ਲਾਜ਼ਮੀ ਹੈ | ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਇਸ ਸਮੇਂ ਉਹ ਸਾਧਾਰਨ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੇ ਹਨ | ਜਿਸ ਕਰਕੇ ਉਹ ਐਪ ਆਧਾਰਿਤ ਡਿਊਟੀ ਨਿਭਾਉਣ ਵਿਚ ਅਸਮਰਥ ਹਨ | ਉਨ੍ਹਾਂ ਨੇ ਦਲੀਲ ਦਿੱਤੀ ਕਿ ਜਨਗਣਨਾ ਇਕ ਅਧਿਕਾਰਤ ਸਰਕਾਰੀ ਕਾਰਜ ਹੈ ਅਤੇ ਜਨਰਲ ਵਿੱਤੀ ਨਿਯਮ (ਜੀ.ਐਫ.ਆਰ) 2017 ਦੇ ਤਹਿਤ ਸਰਕਾਰੀ ਕੰਮ ਲਈ ਲੋੜੀਂਦੇ ਸੰਦ ਅਤੇ ਸਰੋਤ ਮੁਹੱਈਆ ਕਰਵਾਉਣਾ ਸੰਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ | ਇਸ ਤੋਂ ਇਲਾਵਾ ਭਾਰਤ ਦੀ ਸੁਪਰੀਮ ਕੋਰਟ ਨੇ ਪੰਜਾਬ ਰਾਜ ਬਨਾਮ ਜਗਜੀਤ ਸਿੰਘ (2016) ਅਤੇ ਖਪਤਕਾਰ ਸਿੱਖਿਆ ਅਤੇ ਖੋਜ ਕੇਂਦਰ ਬਨਾਮ ਭਾਰਤ ਸੰਘ (1995) ਸਮੇਤ ਵੱਖ-ਵੱਖ ਫ਼ੈਸਲਿਆਂ ਵਿਚ ਨਿਰਪੱਖ ਕੰਮ ਕਰਨ ਦੀਆਂ ਸਥਿਤੀਆਂ ਦੇ ਸਿਧਾਂਤ ਅਤੇ ਮਾਲਕ ਦੀ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਕਰਮਚਾਰੀਆਂ ਨੂੰ ਸਰਕਾਰੀ ਫ਼ਰਜ਼ਾਂ ਦੇ ਨਿਭਾਉਣ ਲਈ ਢੁਕਵੀਂ ਸਹਾਇਤਾ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਜਾਵੇ | ਕਿਰਨ ਕੁਮਾਰ ਨੇ ਆਪਣੇ ਪੱਤਰ ਵਿਚ ਸਪਸ਼ਟ ਕੀਤਾ ਕਿ ਜੇਕਰ ਲੋੜੀਂਦਾ ਡਿਵਾਈਸ ਮੁਹੱਈਆ ਨਾ ਕਰਵਾਇਆ ਗਿਆ ਤਾਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਊਟੀ ਨਿਭਾਉਣਾ ਸੰਭਵ ਨਹੀਂ ਹੋਵੇਗਾ |