ਕੋਆਪਰੇਟਿਵ ਬੈਂਕਾਂ 'ਚ ਕਰਜ਼ੇ ਦੀ ਹੱਦ ਵਧਣ ਦੇ ਬਾਵਜੂਦ ਕਿਸਾਨ ਅਦਾਇਗੀ ਤੋਂ ਵਾਂਝੇ
ਅਜੀਤ ਡੈਸਕ
07-05-2026
ਜ਼ੀਰਾ, 6 ਮਈ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਪੰਜਾਬ ਸਰਕਾਰ ਵਲੋਂ ਕੋਆਪਰੇਟਿਵ ਬੈਂਕਾਂ ਵਿਚ ਕਿਸਾਨਾਂ ਲਈ ਕਰਜ਼ੇ ਦੀ ਹੱਦ 24 ਹਜ਼ਾਰ ਰੁਪਏ ਪ੍ਰਤੀ ਕਿੱਲਾ ਤੋਂ ਵਧਾ ਕੇ 39 ਹਜ਼ਾਰ ਰੁਪਏ ਕਰਨ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ, ਪਰ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਮਿਲਦਾ ਨਜ਼ਰ ਨਹੀਂ ਆ ਰਿਹਾ | ਇਸ ਸਬੰਧੀ ਗੱਲ ਕਰਦਿਆਂ ਪਿੰਡ ਮੀਹਾਂ ਸਿੰਘ ਵਾਲਾ ਦੇ ਕਿਸਾਨ ਆਗੂ ਦਰਸ਼ਨ ਸਿੰਘ ਕਿਸਾਨ, ਗੁਲਜ਼ਾਰ ਸਿੰਘ ਜ਼ਿਲ੍ਹਾ ਸਰਪ੍ਰਸਤ, ਹਰਬੰਸ ਸਿੰਘ, ਜਲੌਰ ਸਿੰਘ ,ਗੁਰਜੰਟ ਸਿੰਘ, ਰਣਜੀਤ ਸਿੰਘ, ਗੁਰਦਿਆਲ ਸਿੰਘ ,ਜਗਜੀਤ ਸਿੰਘ, ਨਿਰਮਲ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ, ਹਰਪਾਲ ਸਿੰਘ, ਬਲਵੰਤ ਸਿੰਘ, ਬਖ਼ਤਾਵਰ ਸਿੰਘ, ਹਰਬੰਸ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਕਿਸਾਨਾਂ ਬੈਂਕਾਂ ਵਿਚ ਆਪਣੀਆਂ ਪੁਰਾਣੀਆਂ ਲਿਮਟਾਂ ਦੀ ਅਦਾਇਗੀ ਕਰ ਦਿੱਤੀ ਹੈ, ਪਰ ਸਰਕਾਰ ਵਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਨਵੀਂ ਰਾਸ਼ੀ ਨਾ ਪਾਏ ਜਾਣ ਕਾਰਨ ਕਿਸਾਨਾਂ ਦੀ ਖੱਜਲ-ਖੁਆਰੀ ਵਧ ਗਈ ਹੈ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਉਮੀਦ ਵਿਚ ਪੁਰਾਣੇ ਕਰਜ਼ੇ ਮੋੜੇ ਸਨ ਕਿ ਵਧੀ ਹੋਈ ਲਿਮਟ ਅਨੁਸਾਰ ਉਨ੍ਹਾਂ ਨੂੰ ਨਵਾਂ ਕਰਜ਼ਾ ਮਿਲ ਜਾਵੇਗਾ, ਜੋ ਖੇਤੀਬਾੜੀ ਦੇ ਖ਼ਰਚਿਆਂ ਲਈ ਸਹਾਈ ਹੋਵੇਗਾ, ਪਰ ਪੰਜਾਬ ਸਰਕਾਰ ਵਲੋਂ ਵਿਚ ਪੈਸੇ ਨਾ ਭੇਜੇ ਜਾਣ ਕਾਰਨ ਕਿਸਾਨਾਂ ਨੂੰ ਕੋਆਪਰੇਟਿਵ ਬੈਂਕਾਂ ਵਿਚੋਂ ਖਾਲੀ ਹੱਥ ਵਾਪਸ ਪਰਤਣਾ ਪੈਂਦਾ ਹੈ | ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਬਿਆਈ ਅਤੇ ਖਾਦਾਂ, ਬੀਜਾਂ ਅਤੇ ਹੋਰ ਖਰਚਿਆਂ ਲਈ ਨਕਦੀ ਦੀ ਸਖ਼ਤ ਜ਼ਰੂਰਤ ਹੈ | ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਫ਼ੰਡ ਜਾਰੀ ਨਾ ਕੀਤਾ ਤਾਂ ਕਿਸਾਨਾਂ ਨੂੰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ | ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਐਲਾਨੀ ਗਈ 39 ਹਜ਼ਾਰ ਦੀ ਰਾਸ਼ੀ ਤੁਰੰਤ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਵੇ ਤਾਂ ਜੋ ਉਹ ਆਪਣੇ ਖੇਤੀ ਦੇ ਕੰਮ ਸੁਚਾਰੂ ਢੰਗ ਨਾਲ ਚਲਾ ਸਕਣ |