ਝੋਨੇ ਦੀ ਖਰੀਦ ਬੰਦ ਹੋਣ ਕਾਰਨ ਕਿਸਾਨ ਯੂਨੀਅਨਾਂ ਅਤੇ ਆੜ੍ਹਤੀਆਂ ਵਲੋਂ ਜਾਮ
11 ਵਜੇ ਤੋਂ ਸ਼ਾਮ ਤੱਕ ਲੱਗੇ ਜਾਮ ਵਿਚ ਨਹੀਂ ਪਹੁੰਚਿਆ ਕੋਈ ਅਧਿਕਾਰੀ
ਕੁੱਲਗੜ੍ਹੀ, 16 ਨਵੰਬਰ ( ਸੁਖਜਿੰਦਰ ਸਿੰਘ ਸੰਧੂ)-ਝੋਨੇ ਦੀ ਖਰੀਦ ਬੰਦ ਹੋਣ ਕਰਕੇ ਅਤੇ ਮੰਡੀਆਂ ਵਿਚ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੇ ਝੋਨੇ ਦੀ ਚੁਕਾਈ ਨਾ ਹੋਣ ਕਰਕੇ ਆੜ੍ਹਤੀਆਂ, ਮਜ਼ਦੂਰਾਂ, ਕਿਸਾਨਾਂ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਫਿਰੋਜ਼ਪੁਰ-ਜ਼ੀਰਾ ਮਾਰਗ ’ਤੇ ਪਿੰਡ ਕੁੱਲਗੜ੍ਹੀ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ 30 ਮਿੰਟ ਤੱਕ ਜਾਮ ਲਗਾਇਆ। ਇਸ ਧਰਨੇ ਵਿਚ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਕੁੱਲਗੜ੍ਹੀ, 16 ਨਵੰਬਰ ( ਸੁਖਜਿੰਦਰ ਸਿੰਘ ਸੰਧੂ)-ਝੋਨੇ ਦੀ ਖਰੀਦ ਬੰਦ ਹੋਣ ਕਰਕੇ ਅਤੇ ਮੰਡੀਆਂ ਵਿਚ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੇ ਝੋਨੇ ਦੀ ਚੁਕਾਈ ਨਾ ਹੋਣ ਕਰਕੇ ਆੜ੍ਹਤੀਆਂ, ਮਜ਼ਦੂਰਾਂ, ਕਿਸਾਨਾਂ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਫਿਰੋਜ਼ਪੁਰ-ਜ਼ੀਰਾ ਮਾਰਗ ’ਤੇ ਪਿੰਡ ਕੁੱਲਗੜ੍ਹੀ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ 30 ਮਿੰਟ ਤੱਕ ਜਾਮ ਲਗਾਇਆ। ਇਸ ਧਰਨੇ ਵਿਚ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇ ਵਾਲਾ, ਜਗਰਾਜ ਸਿੰਘ ਫੇਰੋਕੇ ਸੀਨੀਅਰ ਮੀਤ ਪ੍ਰਧਾਨ, ਗੁਲਜ਼ਾਰ ਸਿੰਘ ਗੋਗੋਆਣੀ, ਬੋਹੜ ਸਿੰਘ ਧੀਰਾ ਘਾਰਾ, ਕੁਲਵਿੰਦਰ ਸਿੰਘ ਕਾਲਾ, ਸੁਖਵਿੰਦਰ ਸਿੰਘ ਪੱਲੇ ਵਾਲਾ, ਮਨਜੀਤ ਸਿੰਘ ਲੋਹਗੜ੍ਹ, ਬਾਜ਼ ਸਿੰਘ ਸੁਰ ਸਿੰਘ ਵਾਲਾ, ਬਲਵਿੰਦਰ ਸਿੰਘ ਹਾਮਦ ਵਾਲਾ, ਹਰਜਿੰਦਰ ਸਿੰਘ ਖਾਲਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਸ਼ਾਮ ਤੱਕ ਲੱਗੇ ਧਰਨੇ ਵਿੱਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਂ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਸਬ ਡਵੀਜ਼ਨ ਮੈਜਿਸਟ੍ਰੇਟ ਫਿਰੋਜ਼ਪੁਰ, ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਫ਼ਿਰੋਜ਼ਪੁਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇ ਲਗਾਏ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਜਲਦ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 19 ਨਵੰਬਰ ਨੂੰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਅਵਤਾਰ ਸਿੰਘ ਰੁਕਨ ਸ਼ਾਹ, ਮਲਕੀਤ ਸਿੰਘ ਲੋਹਗੜ੍ਹ, ਪਰਮੋਦ ਗਰਗ, ਜਰਨੈਲ ਸਿੰਘ ਲੋਹਗੜ੍ਹ, ਕੁਲਬੀਰ ਸਿੰਘ, ਬਲਵਿੰਦਰ ਸਿੰਘ, ਸ਼ਰਨਜੀਤ ਸਿੰਘ, ਕਿੱਕਰ ਸਿੰਘ, ਰਮੇਸ਼ ਕੁਮਾਰ ਮੈਨੀ, ਗੁਰਚਰਨ ਸਿੰਘ ਜੌਹਲ ਆਦਿ ਆੜ੍ਹਤੀਏ, ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ। ਸਵੇਰ ਤੋਂ ਸ਼ਾਮ ਸਾਰਾ ਦਿਨ ਲੋਕ ਜਾਮ ਵਿੱਚ ਫਸੇ ਰਹੇ, ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਾਰ ਨਾ ਲੈਣ ’ਤੇ ਨਿਰਾਸ਼ਾ ਵੇਖਣ ਨੂੰ ਮਿਲੀ। ਲੋਕਾਂ ਦਾ ਕਹਿਣਾ ਸੀ ਕਿ ਦਫ਼ਤਰਾਂ ਵਿਚ ਬੈਠੇ ਅਧਿਕਾਰੀਆਂ ਨੂੰ ਆਮ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਰਹੀ। ਸੁਰੱਖਿਆ ਲਈ ਥਾਣਾ ਕੁੱਲਗੜ੍ਹੀ ਦੇ ਮੁਲਾਜ਼ਮ, ਟਰੈਫਿਕ ਪੁਲਸ ਅਤੇ ਸੀ.ਆਈ.ਡੀ. ਦੇ ਮੁਲਾਜ਼ਮ ਮੌਕੇ ’ਤੇ ਹਾਜ਼ਰ ਰਹੇ।