ਬੂਹੇ ਆਈ ਜੰਞ, ਵਿੰਨੋ੍ਹ ਕੁੜੀ ਦੇ ਕੰਨ-
ਜ਼ੀਰਾ, 6 ਮਈ (ਰਜਨੀਸ਼ ਕਥੂਰੀਆ)-ਪੰਜਾਬੀ ਦੀ ਕਹਾਵਤ 'ਬੂਹੇ ਆਈ ਜੰਞ,ਵਿੰਨੋ੍ਹ ਕੁੜੀ ਦੇ ਕੰਨ' ਉਸ ਸਮੇਂ ਸੱਚ ਹੁੰਦੀ ਵਿਖਾਈ ਦਿੱਤੀ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਖ਼ਿਲਾਫ਼ ਪਾਸ ਕੀਤੇ ਗਏ ਕਾਨੂੰਨ ਨੂੰ ਲੈ ਕੇ ਪੰਜਾਬ ਵਿਚ ਕੱਢੀ ਜਾ ਰਹੀ 'ਸ਼ੁਕਰਾਨਾ ਯਾਤਰਾ' ਦੇ ਭਲਕੇ ਜ਼ੀਰਾ ਵਿਖੇ ਪਹੁੰਚਣ ਤੋਂ ਇਕ ਦਿਨ ਪਹਿਲਾਂ ਨੈਸ਼ਨਲ ਹਾਈਵੇ ਨੰਬਰ-15 ਤੇ ਜ਼ੀਰਾ-ਫਿਰੋਜ਼ਪੁਰ ਰੋਡ 'ਤੇ ਸਥਿਤ ਪੁਲ ਦੇ ਹੇਠਾਂ ਟੁੱਟੀ ਹੋਈ ਸੜਕ 'ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਲੁੱਕ ਅਤੇ ਬਜਰੀ ਪਾ ਕੇ ਪੱਚ ਲਗਾਏ ਜਾ ਰਹੇ ਹਨ | ਹਾਲਾਂਕਿ ਪੁਲ ਦੇ ਹੇਠਾਂ ਇਹ ਸੜਕ ਪਿਛਲੇ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਸੀ | ਸ਼ਾਇਦ ਨੈਸ਼ਨਲ ਹਾਈਵੇ ਅਥਾਰਿਟੀ ਇੱਥੇ ਪੱਚ ਲਗਾਉਣੇ ਅਜੇ ਵੀ ਜ਼ਰੂਰੀ ਨਾ ਸਮਝਦੀ, ਜੇਕਰ ਮੁੱਖ ਮੰਤਰੀ ਭਗਵੰਤ ਮਿਾਨ ਦੀ 'ਸ਼ੁਕਰਾਨਾ ਯਾਤਰਾ' ਇਸ ਸੜਕ ਤੋਂ ਨਾ ਗੁਜ਼ਰਨੀ ਹੁੰਦੀ | ਇਸ ਦੌਰਾਨ ਮਜ਼ਦੂਰਾਂ ਵਲੋਂ ਸੜਕ 'ਤੇ ਸਫ਼ਾਈ ਕਰਕੇ ਲੁੱਕ ਅਤੇ ਬਜਰੀ ਪਾ ਕੇ ਪੱਚ ਲਗਾਏ ਜਾ ਰਹੇ ਸਨ | ਇਹ ਵੀ ਪਤਾ ਲੱਗਾ ਹੈ ਕਿ ਪੱਚ ਲਗਾਉਣ ਤੋਂ ਬਾਅਦ ਮੌਕਾ ਵੇਖਣ ਲਈ ਜ਼ਿਲ੍ਹਾ ਪੱਧਰ 'ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕਾ ਵੇਖਣ ਲਈ ਇੱਥੇ ਪਹੁੰਚ ਰਹੇ ਹਨ | ਇਸ ਸੰਬੰਧ 'ਚ ਜਦੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਸੰਬੰਧਿਤ ਠੇਕੇਦਾਰ ਗੌਰਵ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਿਕ ਇਹ ਪੱਚ ਲਗਾ ਰਹੇ ਹਾਂ, ਭਲਕੇ ਮੁੱਖ ਮੰਤਰੀ ਆ ਰਹੇ ਹਨ ਜਾਂ ਨਹੀਂ, ਇਸ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ |