ਗੁਰੂਹਰਸਹਾਏ, 6 ਮਈ(ਕਪਿਲ ਕੰਧਾਰੀ)-ਅੱਜ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰੂਹਰਸਹਾਏ ਦਾ ਕੈਂਪਸ ਪੀਲੇ ਰੰਗ ਦੀ ਰੌਣਕ ਨਾਲ ਮਹਿਕ ਉੱਠਿਆ, ਜਿੱਥੇ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ 'ਮੈਂਗੋ ਡੇ' ਮਨਾਇਆ | ਇਸ ਮੌਕੇ ਕਿੰਡਰਗਾਰਟਨ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਫਲਾਂ ਦੇ ਰਾਜੇ 'ਅੰਬ' ਦੀ ਥੀਮ ਅਨੁਸਾਰ ਪੀਲੇ ਰੰਗ ਦੀਆਂ ਪੋਸ਼ਾਕਾਂ 'ਚ ਸਜੇ ਹੋਏ ਨਜ਼ਰ ਆਏ | ਕਈ ਬੱਚਿਆਂ ਨੇ ਅੰਬ ਦੀ ਸ਼ਕਲ ਵਾਲੀਆਂ ਟੋਪੀਆਂ ਪਹਿਨੀਆਂ ਹੋਈਆਂ ਸਨ, ਜਦਕਿ ਕੁਝ ਬੱਚੇ ਅੰਬ ਦੇ ਰੂਪ ਵਾਲੇ ਵਿਸ਼ੇਸ਼ ਪਹਿਰਾਵਿਆਂ ਵਿਚ ਬਹੁਤ ਹੀ ਪਿਆਰੇ ਲੱਗ ਰਹੇ ਸਨ | ਇੱਥੋਂ ਤੱਕ ਕਿ ਬੱਚਿਆਂ ਦੇ ਹੱਥਾਂ ਵਿਚ ਫੜੇ ਪੈਂਫਲੈਟ ਅਤੇ ਹੋਰ ਸਮੱਗਰੀ ਵੀ ਅੰਬ ਦੀ ਸ਼ਕਲ 'ਚ ਤਿਆਰ ਕੀਤੀ ਗਈ ਸੀ | ਇਸ ਮੌਕੇ ਕੁਝ ਵਿਦਿਆਰਥੀਆਂ ਨੇ ਅੰਬ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ ਅਤੇ ਆਪਣੀ ਕਲਾ ਦਾ ਸੁੰਦਰ ਪ੍ਰਦਰਸ਼ਨ ਕੀਤਾ | ਅਤੇ ਇਸ ਤੋਂ ਬਾਅਦ ਦਿਨ ਭਰ ਅੰਬਾਂ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਬੱਚਿਆਂ ਨੇ ਵਧ-ਚੜ੍ਹ ਕੇ ਭਾਗ ਲਿਆ | ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਰੰਗਾਰੰਗ ਡਾਂਸ ਪੇਸ਼ ਕਰਕੇ ਮਾਹੌਲ ਨੂੰ ਹੋਰ ਵੀ ਖ਼ੁਸ਼ਗਵਾਰ ਬਣਾ ਦਿੱਤਾ | ਸਿਰਫ਼ ਪਹਿਰਾਵੇ ਹੀ ਨਹੀਂ, ਸਗੋਂ ਬੱਚਿਆਂ ਦੇ ਟਿਫ਼ਨ ਵੀ ਅੱਜ ਪੀਲੇ ਰੰਗ ਦੇ ਪਕਵਾਨਾਂ ਨਾਲ ਸਜੇ ਹੋਏ ਸਨ | 'ਮੈਂਗੋ ਡੇ' ਦੇ ਸਬੰਧ 'ਚ ਹਰ ਵਿਦਿਆਰਥੀ ਆਪਣੇ ਨਾਲ ਪੀਲੇ ਰੰਗ ਦੇ ਖਾਣ-ਪੀਣ ਵਾਲੇ ਪਦਾਰਥ ਜਿਵੇਂ ਕਿ ਮਿੱਠੇ ਚੌਲ, ਅੰਬ ਵਾਲੇ ਸੈਂਡਵਿਚ, ਅੰਬ ਦਾ ਸ਼ੇਕ ਵੀ ਲੈ ਕੇ ਆਏ ਸਨ |