ਫ਼ਿਰੋਜ਼ਪੁਰ, 8 ਮਈ (ਗੁਰਿੰਦਰ ਸਿੰਘ)-ਵਿਵੇਕਾਨੰਦ ਜੂਨੀਅਰ ਸਕੂਲ ਫ਼ਿਰੋਜ਼ਪੁਰ ਵਿਖੇ ਮਾਂ ਦਿਵਸ ਬੜੇ ਹੀ ਉਤਸ਼ਾਹ, ਖ਼ੁਸ਼ੀ ਅਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ ਗਿਆ | ਸਮਾਗਮ ਦਾ ਮੁੱਖ ਉਦੇਸ਼ ਮਾਵਾਂ ਵਲੋਂ ਆਪਣੇ ਬੱਚਿਆਂ ਲਈ ਕੀਤੇ ਜਾਂਦੇ ਨਿਸ਼ਕਾਮ ਪਿਆਰ, ਸੰਭਾਲ ਅਤੇ ਤਿਆਗ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਵੀ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕਰਦੇ ਹੋਏ ਸਮਾਗਮ ਦੀ ਰੌਣਕ ਵਿਚ ਚਾਰ ਚੰਨ ਲਗਾਏ | ਸਮਾਗਮ ਦੌਰਾਨ ਮੁੱਖ ਮਹਿਮਾਨਾਂ ਵਜੋਂ ਪ੍ਰਭਾ ਭਾਸਕਰ, ਮੁੱਖ ਸਰਪ੍ਰਸਤ, ਡੌਲੀ ਭਾਸਕਰ, ਸਕੱਤਰ ਵਿਵੇਕਾਨੰਦ ਵਰਲਡ ਸਕੂਲ ਅਤੇ ਮਹਿਮਾ ਕਪੂਰ, ਵੀ.ਪੀ. ਐਡਮਿਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕਰਨ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਮਾਤਾਵਾਂ ਵਲੋਂ ਜੋਤ ਜਗਾਉਣ ਦੀ ਰਸਮ ਅਦਾ ਕੀਤੀ ਗਈ | ਵਿਦਿਆਰਥੀਆਂ ਵਲੋਂ ਸਵਾਗਤੀ ਗੀਤ, ਰੰਗਾਰੰਗ ਨਿ੍ਤ ਪੇਸ਼ਕਾਰੀਆਂ ਅਤੇ ਮਾਵਾਂ ਦੇ ਪਿਆਰ, ਮਮਤਾ, ਤਿਆਗ ਅਤੇ ਸਤਿਕਾਰ ਨੂੰ ਸਮਰਪਿਤ ਗੀਤ ਪੇਸ਼ ਕੀਤੇ ਗਏ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਮਾਵਾਂ ਅਤੇ ਬੱਚਿਆਂ ਦੇ ਪਿਆਰ ਭਰੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਅਤੇ ਬੱਚਿਆਂ ਨੂੰ ਮਾਂ ਦੇ ਤਿਆਗ, ਪਿਆਰ ਅਤੇ ਸੰਭਾਲ ਦੀ ਮਹੱਤਤਾ ਸਮਝਾਉਂਦੇ ਹਨ | ਉਨ੍ਹਾਂ ਕਿਹਾ ਕਿ ਵਿਵੇਕਾਨੰਦ ਜੂਨੀਅਰ ਸਕੂਲ ਸਿਰਫ਼ ਅਕਾਦਮਿਕ ਸਿੱਖਿਆ ਤੱਕ ਹੀ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਵਿਚ ਪਰਿਵਾਰਕ ਮੁੱਲਾਂ, ਸਤਿਕਾਰ ਅਤੇ ਨੈਤਿਕ ਸੰਸਕਾਰਾਂ ਦੇ ਵਿਕਾਸ ਲਈ ਵੀ ਲਗਾਤਾਰ ਯਤਨਸ਼ੀਲ ਹੈ |