ਮਮਦੋਟ, 8 ਮਈ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਮਲਕੀਤ ਚੰਦ ਥਿੰਦ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮਮਦੋਟ ਵਿਖੇ ਪਹੁੰਚ ਕੇ ਪਛੜੇ ਵਰਗ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਸੁਣੀਆਂ ਗਈਆਂ | ਇਸ ਮੌਕੇ ਬੀ.ਡੀ.ਪੀ.ਓ. ਵਿਪਨ ਕੁਮਾਰ, ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ, ਤਹਿਸੀਲਦਾਰ ਦੇ ਰੀਡਰ ਸੋਨੂੰ, ਸਮੂਹ ਪਟਵਾਰੀ, ਮਾਲ ਵਿਭਾਗ ਅਤੇ ਸਿਵਲ ਹਸਪਤਾਲ ਦੇ ਕਰਮਚਾਰੀ ਹਾਜ਼ਰ ਸਨ | ਇਸ ਲੋਕ ਮਿਲਣੀ ਦੌਰਾਨ ਪਹੁੰਚੇ ਆਮ ਲੋਕਾਂ ਵਲੋਂ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਪਛੜੀ ਸ਼੍ਰੇਣੀ ਦੇ ਸਰਟੀਫਿਕੇਟ ਬਣਾਉਣ ਆਮਦਨ ਸਬੰਧੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਕਮਿਸ਼ਨ ਵਲੋਂ ਤਹਿਸੀਲ ਦਫਤਰ ਨੂੰ ਕਮਿਸ਼ਨ ਦੇ ਦਫਤਰ ਤੋਂ ਨਿਯਮ ਅਤੇ ਸ਼ਰਤਾਂ ਪ੍ਰਾਪਤ ਕਰਕੇ ਨਿਯਮਾਂ ਅਨੁਸਾਰ ਬਿਨਾਂ ਕਿਸੇ ਖ਼ੱਜਲ-ਖ਼ੁਆਰੀ ਦੇ ਸਰਟੀਫਿਕੇਟ ਜਾਰੀ ਕਰਨ ਦੀ ਹਦਾਇਤ ਕੀਤੀ ਗਈ | ਇਸ ਮੌਕੇ ਹਾਜ਼ਰੀਨਾਂ ਵਲੋਂ ਜਨਗਣਨਾ ਸਬੰਧੀ ਪ੍ਰਕਾਸ਼ਿਤ ਕੀਤੇ ਗਏ ਪ੍ਰੋਫਾਰਮੇ ਵਿਚ ਪਛੜੀਆਂ ਸ਼੍ਰੇਣੀਆਂ ਦੀ ਪਹਿਚਾਣ ਲਈ ਕੋਈ ਕਾਲਮ ਨਾ ਬਣਾਏ ਜਾਣ ਦਾ ਮਾਮਲਾ ਧਿਆਨ ਵਿਚ ਲਿਆਉਂਦਿਆਂ ਦੱਸਿਆ ਗਿਆ ਕਿ ਜਨਗਣਨਾ ਪ੍ਰੋਫਾਰਮੇ ਵਿਚ ਪਛੜੀਆਂ ਸ਼੍ਰੇਣੀਆਂ ਲਈ ਕਾਲਮ ਹੋਣ ਨਾਲ ਰਾਜ ਅਤੇ ਦੇਸ਼ ਵਿਚ ਪਛੜੇ ਵਰਗ ਦੀ ਪ੍ਰਤੀਸ਼ਤਤਾ ਦਾ ਪਤਾ ਚੱਲ ਸਕੇਗਾ | ਜਿਸ ਤੋਂ ਬਾਅਦ ਕਮਿਸ਼ਨ ਵੱਲੋਂ ਇਹ ਮਾਮਲਾ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਪ੍ਰੋਫਾਰਮੇ ਵਿਚ ਸੋਧ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਚੇਅਰਮੈਨ ਮਲਕੀਤ ਥਿੰਦ ਨੂੰ ਸਿਰਪਾਓ ਪਾ ਕੇ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਆਪ ਦੇ ਜਿਲ੍ਹਾਂ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ, ਬਲਵਿੰਦਰ ਸਿੰਘ ਸਰਪੰਚ ਰਾਉ ਕੇ ਹਿਠਾੜ, ਸਰਪੰਚ ਬਲਕਾਰ ਸਿੰਘ ਜੋਧਪੁਰ, ਸੋਨੂੰ ਸਰਪੰਚ ਸਦਰਦੀਨ ਵਾਲਾ, ਜਸਬੀਰ ਸਿੰਘ ਕੰਬੋਜ, ਜਸਵੰਤ ਸਿੰਘ ਥਿੰਦ, ਮੌੜਾ ਸਿੰਘ ਕੜਮਾ,ਓਮ ਪ੍ਰਕਾਸ਼ ਹਾਂਡਾ, ਸਿਵਲ ਹਸਪਤਾਲ ਤੋਂ ਅਮਨ ਕੰਬੋਜ, ਪੰਚਾਇਤ ਸਕੱਤਰ ਰੌਸ਼ਨ ਲਾਲ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |