ਮੱਲਾਂਵਾਲਾ, 9 ਮਈ (ਬਲਬੀਰ ਸਿੰਘ ਜੋਸਨ)-ਸਥਾਨਕ ਕਸਬੇ ਨਜ਼ਦੀਕ ਪਿੰਡ ਗ਼ੁਲਾਮੀ ਵਾਲਾ ਵਿਖੇ ਸ਼ਮਸ਼ਾਨ ਘਾਟ ਅੰਦਰ ਕੂੜੇ ਦਾ ਡੰਪ ਬਣਾਏ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮਾਮਲੇ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸ਼ਮਸ਼ਾਨ ਘਾਟ ਵਿਚ ਹੋ ਰਹੀ ਇਸ ਉਸਾਰੀ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ | ਜਾਣਕਾਰੀ ਅਨੁਸਾਰ ਠੇਕੇਦਾਰ ਵਲੋਂ ਸ਼ਮਸ਼ਾਨ ਘਾਟ ਅੰਦਰ ਕੂੜੇ ਦੇ ਡੰਪ ਦੀ ਉਸਾਰੀ ਕੀਤੀ ਜਾ ਰਹੀ ਸੀ ਅਤੇ ਤਕਰੀਬਨ ਅੱਧੀ ਉਸਾਰੀ ਮੁਕੰਮਲ ਹੋ ਚੁੱਕੀ ਸੀ | ਜਦੋਂ ਇਸ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਇਸ ਦਾ ਸਖ਼ਤ ਵਿਰੋਧ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਮਲਕੀਤ ਸਿੰਘ ਗੁਲਾਮੀਵਾਲਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵਲੋਂ ਪਿੰਡਾਂ ਵਿਚ ਸਫ਼ਾਈ ਅਭਿਆਨ ਅਤੇ ਬਿਮਾਰੀ ਰਹਿਤ ਵਾਤਾਵਰਨ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪਿੰਡਾਂ ਦੀਆਂ ਸਾਂਝੀਆਂ ਅਤੇ ਧਾਰਮਿਕ ਮਹੱਤਤਾ ਵਾਲੀਆਂ ਥਾਵਾਂ ਨੂੰ ਗੰਦਗੀ ਦੇ ਕੇਂਦਰ ਬਣਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਹੀ ਸ਼ਮਸ਼ਾਨ ਘਾਟ ਅੰਦਰ ਨਾਜਾਇਜ਼ ਕਬਜ਼ਿਆਂ ਕਾਰਨ ਤੂੜੀ ਅਤੇ ਰੂੜੀ ਦੇ ਢੇਰ ਲੱਗੇ ਹੋਏ ਹਨ ਅਤੇ ਹੁਣ ਕੂੜੇ ਦਾ ਡੰਪ ਬਣਾਉਣ ਨਾਲ ਇਸ ਪਵਿੱਤਰ ਸਥਾਨ ਦੀ ਮਰਿਆਦਾ ਹੋਰ ਖ਼ਰਾਬ ਹੋਵੇਗੀ | ਪਿੰਡ ਵਾਸੀਆਂ ਨੇ ਸਵਾਲ ਉਠਾਇਆ ਕਿ ਜੇਕਰ ਕਿਸੇ ਮਿ੍ਤਕ ਦੇ ਅੰਤਿਮ ਸੰਸਕਾਰ ਲਈ ਲੋਕ ਸ਼ਮਸ਼ਾਨ ਘਾਟ ਵਿਚ ਆਉਣਗੇ ਤਾਂ ਕੀ ਉਹ ਗੰਦਗੀ ਅਤੇ ਰੂੜੀ ਦੇ ਢੇਰਾਂ ਵਿਚਕਾਰ ਖੜ੍ਹੇ ਹੋਣ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਨਾਜਾਇਜ਼ ਕਬਜ਼ੇ ਅਤੇ ਗ਼ਲਤ ਉਸਾਰੀਆਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਮਸ਼ਾਨ ਘਾਟ ਅੰਦਰ ਬਣਾਏ ਜਾ ਰਹੇ ਕੂੜੇ ਦੇ ਡੰਪ ਦੀ ਉਸਾਰੀ ਤੁਰੰਤ ਰੋਕੀ ਜਾਵੇ ਅਤੇ ਇਸ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |