ਫਿਰੋਜ਼ਪੁਰ, 9 ਮਈ (ਸੁਖਵਿੰਦਰ ਸਿੰਘ)-ਜਿਵੇਂ-ਜਿਵੇਂ ਸੰਨ 2027 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਲੋਕ ਧਾਰਮਿਕ ਮੁੱਦਿਆਂ ਅਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਰਕੇ ਵੋਟਾਂ ਬਟੋਰਨ ਵੱਲ ਤੇਜ਼ੀ ਨਾਲ ਵਧ ਰਹੇ ਹਨ | ਅਜਿਹਾ ਕਰਦਿਆਂ ਇਨ੍ਹਾਂ ਨੇਤਾਵਾਂ ਨੂੰ ਧਾਰਮਿਕ ਆਸਥਾ ਅਤੇ ਰਵਾਇਤਾਂ ਦੀ ਮਾਣ-ਮਰਿਆਦਾ ਦਾ ਬਿਲਕੁੱਲ ਵੀ ਖਿਆਲ ਨਹੀਂ ਰਹਿੰਦਾ | ਇਸ ਸੰਬੰਧੀ ਗੱਲਬਾਤ ਕਰਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਸ਼ਹਿਰੀ ਪ੍ਰਧਾਨ ਭਾਈ ਕੁਲਦੀਪ ਸਿੰਘ ਨੰਢਾ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਦੇਖਣ ਵਿਚ ਆ ਰਿਹਾ ਹੈ ਕਿ ਹਰ ਪਾਰਟੀ ਦੇ ਸਿਆਸੀ ਨੇਤਾਵਾਂ ਵੱਲੋਂ ਪਤਿਤ ਅਤੇ ਮਰਿਆਦਾ ਤੋਂ ਸੱਖਣੇ ਲੋਕਾਂ ਨੂੰ ਸਿਰੋਪਾ ਸਾਹਿਬ ਦੇਣ ਦੀਆਂ ਤਸਵੀਰਾਂ ਅਕਸਰ ਮੀਡੀਆ ਚੈਨਲਾਂ ਅਤੇ ਅਖਬਾਰਾਂ-ਰਸਾਲਿਆਂ ਵਿਚ ਵੇਖਣ ਨੂੰ ਮਿਲਦੀਆਂ ਹਨ | ਉਨ੍ਹਾਂ ਕਿਹਾ ਕਿ ਆਪਣਾ ਨਿੱਜੀ ਵੋਟ ਬੈਂਕ ਵਧਾਉਣ ਲਈ ਪਤਿਤ ਲੋਕਾਂ ਦੇ ਗੱਲਾਂ ਵਿੱਚ ਸਿਰੋਪੇ ਪਾਉਣੇ ਪੰਥਕ ਮਰਿਆਦਾ ਦੀ ਘੋਰ ਉਲੰਘਣਾ ਹੈ | ਕਿਸੇ ਧਾਰਮਿਕ ਕਾਰਜ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਗੁਰੂ-ਪਿਆਰੇ ਨੂੰ ਹੀ ਕੋਈ ਪੰਥਕ ਸ਼ਖ਼ਸੀਅਤ ਸਿਰੋਪੇ ਦੀ ਬਖ਼ਸ਼ੀਸ਼ ਕਰ ਸਕਦੀ ਹੈ, ਪਰ ਹੁਣ ਪੰਥਕ ਪਾਰਟੀਆਂ ਸਮੇਤ ਹੋਰ ਗੈਰ-ਪੰਥਕ ਪਾਰਟੀਆਂ ਵੀ ਦੇਖਾ-ਦੇਖੀ ਸਿਰੋਪਿਆਂ ਦੀ ਪਰੰਪਰਾ ਨੂੰ ਵਿਗਾੜਨ ਦੇ ਰਾਹ 'ਤੇ ਤੁਰ ਪਈਆਂ ਹਨ | ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਾਰਟੀ ਵਰਕਰਾਂ ਦੇ ਗਲ਼ਾਂ ਵਿਚ ਆਪਣੀ ਪਾਰਟੀ ਦੇ ਚਿੰਨ੍ਹਾਂ ਵਾਲੇ ਸਾਫ਼ੇ ਪਾ ਕੇ ਕੰਮ ਚਲਾ ਸਕਦੇ ਹਨ, ਪਰ 'ਸਿਰੋਪਾਓ' ਦੀ ਪਵਿੱਤਰ ਪਰੰਪਰਾ ਨੂੰ ਵਿਗਾੜਨ ਤੋਂ ਗੁਰੇਜ਼ ਕਰਨ |