ਫਿਰੋਜ਼ਪੁਰ, 9 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਇਕ ਵਿਆਹੁਤਾ ਨੂੰ ਹੋਰ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਉਸ ਦੇ ਪਤੀ ਅਤੇ ਸੱਸ ਵਲੋਂ ਕੁੱਟਮਾਰ ਕਰਕੇ ਘਰੋਂ ਕੱਢ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਥਾਣਾ ਵੁਮੈਨ ਫਿਰੋਜ਼ਪੁਰ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਗਿੱਲਾਂਵਾਲਾ ਦੀ ਰਹਿਣ ਵਾਲੀ ਨੀਰੂ ਪੁੱਤਰੀ ਧਰਮਪਾਲ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਕਿ ਉਸ ਦਾ ਵਿਆਹ ਸਾਲ 2024 ਵਿਚ ਜੁਗਰਾਜ ਸਿੰਘ ਪੁੱਤਰ ਸੁੱਚਾ ਸਿੰਘ ਨਾਲ ਹੋਇਆ ਸੀ | ਨੀਰੂ ਦੇ ਪਰਿਵਾਰ ਮੁਤਾਬਿਕ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ-ਦਹੇਜ ਦਿੱਤਾ ਸੀ | ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਦੀ ਨੀਅਤ ਬਦਲ ਗਈ | ਪੀੜਤਾਂ ਨੇ ਦੱਸਿਆ ਕਿ ਉਸ ਦਾ ਪਤੀ ਜੁਗਰਾਜ ਸਿੰਘ ਅਤੇ ਉਸ ਦੀ ਸੱਸ ਚਰਨਜੀਤ ਕੌਰ ਦਿੱਤੇ ਗਏ ਦਾਜ ਤੋਂ ਸੰਤੁਸ਼ਟ ਨਹੀਂ ਸਨ ਅਤੇ ਲਗਾਤਾਰ ਹੋਰ ਦਾਜ ਦੀ ਮੰਗ ਕਰਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ | ਜਦੋਂ ਨੀਰੂ ਨੇ ਹੋਰ ਦਾਜ ਲਿਆਉਣ ਤੋਂ ਅਸਮਰਥਾ ਜਤਾਈ, ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਅਖੀਰ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੀੜਤਾਂ ਦੀ ਸ਼ਿਕਾਇਤ ਯੂ.ਆਈ.ਡੀ. 685314 ਦੀ ਪੜਤਾਲ ਤੋਂ ਬਾਅਦ ਦੋਸ਼ ਸਹੀ ਪਾਏ ਗਏ ਹਨ | ਪੁਲਿਸ ਨੇ ਮੁਲਜ਼ਮ ਜੁਗਰਾਜ ਸਿੰਘ ਅਤੇ ਸੱਸ ਚਰਨਜੀਤ ਕੌਰ ਖ਼ਿਲਾਫ਼ 85 ਅਤੇ 316 (2) ਬੀ.ਐੱਨ.ਐੱਸ.ਤਹਿਤ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |