ਮੁੱਦਕੀ, 13 ਮਈ (ਭਾਰਤ ਭੂਸ਼ਨ ਅਗਰਵਾਲ)-ਅੰਤਰਰਾਸ਼ਟਰੀ ਨਰਸਿੰਗ ਦਿਵਸ ਦੇ ਮੌਕੇ 'ਤੇ ਏ ਵੰਨ ਨਾਗੀ ਹਸਪਤਾਲ ਐਂਡ ਈ.ਐੱਚ ਰਿਸਰਚ ਸੈਂਟਰ ਮੁੱਦਕੀ ਵਿਖੇ ਨਰਸਿੰਗ ਸਟਾਫ਼ ਦੇ ਸਨਮਾਨ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਨਰਸਿੰਗ ਸਟਾਫ਼ ਦੀ ਮਿਹਨਤ, ਸੇਵਾ ਭਾਵਨਾ ਅਤੇ ਮਰੀਜ਼ਾਂ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਨਾਗੀ, ਮੈਡੀਕਲ ਸੁਪਰਡੈਂਟ ਡਾ. ਰਕੇਸ਼ ਕੁਮਾਰ ਸੀਕਰੀ ਅਤੇ ਐਚ.ਆਰ ਮੈਨੇਜਰ ਪਵਨਦੀਪ ਕੌਰ ਵਲੋਂ ਸਟਾਫ਼ ਨਰਸ ਕੋਮਲਪ੍ਰੀਤ ਕੌਰ, ਵੀਨਸ, ਮਨੀਸ਼ਾ ਰਾਣੀ ਅਤੇ ਪਿ੍ਅੰਕਾ ਰਾਣੀ ਨੂੰ ਉਨ੍ਹਾਂ ਦੀ ਉਤਕਿ੍ਸ਼ਟ ਸੇਵਾ, ਮਰੀਜ਼ਾਂ ਦੀ ਸੰਭਾਲ ਅਤੇ ਹਸਪਤਾਲ ਪ੍ਰਤੀ ਨਿਸ਼ਠਾ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਨਰਸਾਂ ਸਿਹਤ ਸੇਵਾਵਾਂ ਦਾ ਸਭ ਤੋਂ ਅਹਿਮ ਹਿੱਸਾ ਹੁੰਦੀਆਂ ਹਨ | ਡਾਕਟਰਾਂ ਦੇ ਨਾਲ-ਨਾਲ ਨਰਸਿੰਗ ਸਟਾਫ਼ ਵੀ ਮਰੀਜ਼ਾਂ ਦੀ ਦੇਖਭਾਲ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਮਰੀਜ਼ਾਂ ਨੂੰ ਸਮੇਂ ਸਿਰ ਦਵਾਈ, ਸਹੀ ਸੰਭਾਲ, ਹੌਸਲਾ ਅਤੇ ਮਾਨਸਿਕ ਤਾਕਤ ਦੇਣ ਵਿਚ ਨਰਸਾਂ ਦਾ ਯੋਗਦਾਨ ਬੇਮਿਸਾਲ ਹੁੰਦਾ ਹੈ | ਡਾ. ਕੁਲਦੀਪ ਸਿੰਘ ਨਾਗੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੇਰਾ ਸਟਾਫ਼ ਹੀ ਮੇਰੀ ਸਭ ਤੋਂ ਵੱਡੀ ਤਾਕਤ ਅਤੇ ਹਸਪਤਾਲ ਦੀ ਅਸਲੀ ਪਹਿਚਾਣ ਹੈ | ਮੇਰਾ ਸਟਾਫ਼ ਹਸਪਤਾਲ ਦੀ ਰੀੜ੍ਹ ਦੀ ਹੱਡੀ ਹੈ | ਨਰਸਿੰਗ ਸਟਾਫ਼ ਦੀ ਦਿਨ-ਰਾਤ ਦੀ ਮਿਹਨਤ, ਸੇਵਾ ਭਾਵਨਾ ਅਤੇ ਮਰੀਜ਼ਾਂ ਪ੍ਰਤੀ ਪਿਆਰ ਕਰਕੇ ਹੀ ਹਰ ਮਰੀਜ਼ ਨੂੰ ਵਧੀਆ ਇਲਾਜ ਅਤੇ ਸੰਭਾਲ ਮਿਲਦੀ ਹੈ | ਇਹਨਾਂ ਦੀ ਨਿਸ਼ਠਾ ਅਤੇ ਸਮਰਪਣ ਨਾਲ ਹੀ ਮਰੀਜ਼ ਤੰਦਰੁਸਤ ਹੋ ਕੇ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਵਾਪਸ ਜਾਂਦੇ ਹਨ | ਉਨ੍ਹਾਂ ਕਿਹਾ ਕਿ ਨਰਸਾਂ ਸਿਰਫ਼ ਆਪਣਾ ਫ਼ਰਜ਼ ਨਹੀਂ ਨਿਭਾਉਂਦੀਆਂ, ਸਗੋਂ ਹਰ ਮਰੀਜ਼ ਲਈ ਹੌਸਲਾ, ਵਿਸ਼ਵਾਸ ਅਤੇ ਨਵੀਂ ਉਮੀਦ ਬਣਦੀਆਂ ਹਨ | ਡਾ. ਰਾਕੇਸ਼ ਕੁਮਾਰ ਸੀਕਰੀ ਨੇ ਕਿਹਾ ਕਿ ਨਰਸਾਂ ਹਸਪਤਾਲ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਅਤੇ ਮਰੀਜ਼ਾਂ ਦੀ ਸੰਭਾਲ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਨੇ ਕਿਹਾ ਕਿ ਨਰਸਿੰਗ ਸਟਾਫ਼ ਦੀ ਮਿਹਨਤ ਅਤੇ ਸਮਰਪਣ ਨਾਲ ਹੀ ਹਸਪਤਾਲ ਵਿਚ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਰਹੀਆਂ ਹਨ | ਐਚ.ਆਰ ਮੈਨੇਜਰ ਪਵਨਦੀਪ ਕੌਰ ਨੇ ਨਰਸਿੰਗ ਸਟਾਫ਼ ਨੂੰ ਨਰਸਿੰਗ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਨਰਸਾਂ ਦੀ ਸੇਵਾ, ਸਬਰ ਅਤੇ ਮਿਹਨਤ ਹਮੇਸ਼ਾ ਪ੍ਰੇਰਣਾਦਾਇਕ ਰਹਿੰਦੀ ਹੈ | ਇਸ ਮੌਕੇ ਨਰਸਿੰਗ ਸਟਾਫ਼ ਨੇ ਵੀ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੀ ਸਮਰਪਿਤ ਹੋ ਕੇ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ | ਸਮਾਗਮ ਦੌਰਾਨ ਸਮੂਹ ਸਟਾਫ਼ ਵਲੋਂ ਨਰਸਿੰਗ ਦਿਵਸ ਮਨਾਇਆ ਗਿਆ ਅਤੇ ਇਕ-ਦੂਜੇ ਨੂੰ ਵਧਾਈ ਦਿੱਤੀ ਗਈ |