ਫਿਰੋਜ਼ਪੁਰ, 16 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਅੱਜ ਚੋਣ ਦਫ਼ਤਰਾਂ ਬਾਹਰ ਭਾਰੀ ਭੀੜ ਅਤੇ ਹੜਕੰਪ ਵਾਲਾ ਮਾਹੌਲ ਦੇਖਣ ਨੂੰ ਮਿਲਿਆ | ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਸਮੇਤ ਪਹੁੰਚਣ ਕਾਰਨ ਪ੍ਰਸ਼ਾਸਨਿਕ ਪ੍ਰਬੰਧ ਨਾਕਾਫ਼ੀ ਨਜ਼ਰ ਆਏ | ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੋਸ਼ ਲਗਾਇਆ ਕਿ ਇੰਨੀ ਵੱਡੀ ਗਿਣਤੀ ਵਿਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਪਹੁੰਚਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਬੈਠਣ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਢੰਗ ਨਾਲ ਪ੍ਰਬੰਧ ਨਹੀਂ ਕੀਤੇ ਗਏ | ਖ਼ਾਸ ਕਰਕੇ ਮਹਿਲਾਵਾਂ ਨੂੰ ਧੱਕਾ-ਮੁੱਕੀ ਅਤੇ ਗਰਮੀ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਕਈ ਵਾਰਡਾਂ ਤੋਂ ਉਮੀਦਵਾਰ, ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਆਜ਼ਾਦ ਉਮੀਦਵਾਰ ਆਪਣੇ ਪ੍ਰਸਤਾਵਕਾਂ ਸਮੇਤ ਪਹੁੰਚੇ ਹੋਏ ਸਨ | ਜਿਸ ਕਾਰਨ ਭੀੜ ਹੋਰ ਵਧ ਗਈ | ਉਨ੍ਹਾਂ ਦੇ ਅਨੁਸਾਰ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਅੰਦਾਜ਼ਾ ਲਗਾ ਕੇ ਵਧੀਆ ਪ੍ਰਬੰਧ ਕਰਨੇ ਚਾਹੀਦੇ ਸਨ | ਭਾਜਪਾ ਆਗੂਆਂ ਨੇ ਕਿਹਾ ਕਿ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ਾਮ ਤੱਕ ਵੀ ਜਾਰੀ ਰਹੀ ਅਤੇ ਉਨ੍ਹਾਂ ਨੂੰ ਆਸ ਹੈ ਕਿ ਐਸ.ਡੀ.ਐਮ. ਅਤੇ ਰਿਟਰਨਿੰਗ ਅਫ਼ਸਰ ਵਲੋਂ ਦਫ਼ਤਰ ਪਹੁੰਚੇ ਹਰ ਉਮੀਦਵਾਰ ਦੇ ਕਾਗਜ਼ ਸਵੀਕਾਰ ਕੀਤੇ ਜਾਣਗੇ, ਤਾਂ ਜੋ ਕਿਸੇ ਨੂੰ ਵੀ ਲੋਕਤੰਤਰਿਕ ਪ੍ਰਕਿਰਿਆ ਤੋਂ ਵਾਂਝਾ ਨਾ ਰਹਿਣਾ ਪਵੇ | ਉਨ੍ਹਾਂ ਕਿਹਾ ਕਿ ਜੇ ਕਿਸੇ ਉਮੀਦਵਾਰ ਨੂੰ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਿਆ ਗਿਆ ਤਾਂ ਇਹ ਲੋਕਤੰਤਰਿਕ ਹੱਕਾਂ ਨਾਲ ਧੱਕਾ ਹੋਵੇਗਾ | ਭਾਜਪਾ ਉਮੀਦਵਾਰਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਚੋਣਾਂ ਵਿਚ ਹਰ ਉਮੀਦਵਾਰ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ | ਨਾਮਜ਼ਦਗੀ ਦੇ ਆਖ਼ਰੀ ਦਿਨ ਚੋਣ ਦਫ਼ਤਰਾਂ ਦੇ ਬਾਹਰ ਸਿਆਸੀ ਗਰਮੀ ਚਰਮ 'ਤੇ ਰਹੀ ਅਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਭਾਰੀ ਭੀੜ ਕਾਰਨ ਸਾਰਾ ਦਿਨ ਚ ਹਿਲ-ਪਹਿਲ ਬਣੀ ਰਹੀ |