ਫ਼ਿਰੋਜ਼ਪੁਰ, 20 ਮਈ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ Tਯੁੱਧ ਨਸ਼ਿਆਂ ਵਿਰੁੱਧUਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਖ਼ੁਫ਼ੀਆ ਆਧਾਰਿਤ ਕਾਰਵਾਈਆਂ ਦੌਰਾਨ ਤਿੰਨ ਮੁੱਖ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 10 ਕਿੱਲੋ 125 ਗਰਾਮ ਹੈਰੋਇਨ, 2 ਕਿੱਲੋ 1 ਗਰਾਮ ਆਈਸ (ਮੈਥਾਮਫੈਟਾਮਾਈਨ), ਇਕ .30 ਬੋਰ ਪਿਸਤੌਲ, ਜਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ | ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਤਸਕਰੀ, ਸਮਾਜ ਵਿਰੋਧੀ ਗਤੀਵਿਧੀਆਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ ਫ਼ਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਟੀਮ ਨੇ 19 ਮਈ ਨੂੰ ਗਸ਼ਤ ਅਤੇ ਚੈਕਿੰਗ ਦੌਰਾਨ ਮੁਖ਼ਬਰ ਦੀ ਸੂਚਨਾ 'ਤੇ ਕਾਰਵਾਈ ਕਰਦਿਆਂ ਪਿੰਡ ਖਾਈ ਫੇਮੇ ਕੇ ਤੋਂ ਹਬੀਬ ਕੇ ਰੋਡ ਨੇੜੇ ਭੱਠੇ ਕੋਲੋਂ ਓਮ ਉਰਫ਼ ਓਮੀ ਪੁੱਤਰ ਸੁੱਖਾ ਵਾਸੀ ਪਿੰਡ ਲੇਲੀ ਵਾਲਾ ਨੂੰ ਕਾਬੂ ਕਰਕੇ ਕੀਤੀ ਤਲਾਸ਼ੀ ਦੌਰਾਨ ਉਸ ਕੋਲੋਂ 10 ਕਿੱਲੋ 125 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਚ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਥਾਣਾ ਆਰਿਫ਼ ਕੇ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਰਾਜ ਸਿੰਘ ਦੀ ਟੀਮ ਨੇ ਮੁਖ਼ਬਰ ਦੀ ਇਤਲਾਹ 'ਤੇ ਪਿੰਡ ਕਟੋਰਾ ਨੇੜੇ ਨਾਕਾਬੰਦੀ ਦੌਰਾਨ ਅਨਿਕੇਤ ਕੁਮਾਰ ਪੁੱਤਰ ਜਸਵੰਤ ਕੁਮਾਰ ਅਤੇ ਸੁਮੀਤ ਪੁੱਤਰ ਰਾਮ ਕੁਮਾਰ ਦੋਵਾਂ ਵਾਸੀ ਸ਼ਾਂਤੀ ਨਗਰ, ਫ਼ਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਕਿੱਲੋ 1 ਗਰਾਮ ਆਈਸ ਡਰੱਗ, ਇਕ30 ਬੋਰ ਪਿਸਤੌਲ (ਤੁਰਕੀ ਦਾ ਬਣਿਆ), ਜਿੰਦਾ ਕਾਰਤੂਸ ਅਤੇ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿਚ ਐਨ.ਡੀ.ਪੀ.ਐਸ ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਏ ਗਏ ਹਨ | ਮੁੱਢਲੀ ਜਾਂਚ ਦੌਰਾਨ ਇਕ ਸੰਗਠਿਤ ਨਸ਼ਾ ਸਪਲਾਈ ਨੈੱਟਵਰਕ ਦੇ ਸੰਕੇਤ ਮਿਲੇ ਹਨ ਅਤੇ ਗਰੋਹ ਨਾਲ ਜੁੜੇ ਹੋਰ ਵਿਅਕਤੀਆਂ, ਨਸ਼ੇ ਦੇ ਸਰੋਤ ਅਤੇ ਸਪਲਾਈ ਚੇਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਖ਼ਤੀ ਨਾਲ ਜਾਰੀ ਰਹੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ | ਇਸ ਮੌਕੇ ਡੀ.ਐੱਸ.ਪੀ.ਡੀ ਬਰਜਿੰਦਰ ਸਿੰਘ ਸਰਾਂ, ਡੀ.ਐੱਸ.ਪੀ ਸਿਟੀ ਸੁਖਵਿੰਦਰ ਸਿੰਘ ਵੀ ਮੌਜੂਦ ਸਨ |