ਫ਼ਿਰੋਜ਼ਪੁਰ, 21 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 16 ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਕੁਮਾਰ ਸਚਦੇਵਾ (ਖਾਦ ਵਾਲੇ) ਵਲੋਂ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ | ਉਨ੍ਹਾਂ ਵਲੋਂ ਵਾਰਡ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਘਰ-ਘਰ ਜਾ ਕੇ ਆਪਣੇ ਹੱਕ ਵਿਚ ਵੋਟਾਂ ਦੀ ਅਪੀਲ ਕੀਤੀ ਗਈ | ਇਸ ਮੌਕੇ ਅਸ਼ੋਕ ਸਚਦੇਵਾ ਨੇ ਕਿਹਾ ਕਿ ਵਾਰਡ ਦੇ ਲੋਕ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਲੋਕ ਬਦਲਾਅ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਵਾਰਡ ਵਾਸੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਇਲਾਕੇ ਵਿਚ ਸਫ਼ਾਈ ਪ੍ਰਬੰਧ, ਸੀਵਰੇਜ, ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ ਅਤੇ ਸਟਰੀਟ ਲਾਈਟਾਂ ਵਰਗੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਖੜੀ ਰਹੀ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ | ਅਸ਼ੋਕ ਕੁਮਾਰ ਸਚਦੇਵਾ ਨੇ ਕਿਹਾ ਕਿ ਇਹ ਚੋਣਾਂ ਕਿਸੇ ਨੂੰ ਹਰਾਉਣ ਵਾਸਤੇ ਨਹੀਂ ਲੜ ਰਿਹਾ ਸਗੋਂ ਵਾਰਡ ਦੇ ਵਿਕਾਸ ਲਈ ਲੜ ਰਿਹਾ ਹਾਂ | ਇਸ ਦੌਰਾਨ ਵਾਰਡ ਵਾਸੀਆਂ ਵਲੋਂ ਵੀ ਅਸ਼ੋਕ ਸਚਦੇਵਾ ਨੂੰ ਭਰਵਾਂ ਸਮਰਥਨ ਦਿੱਤਾ ਗਿਆ | ਕਾਂਗਰਸੀ ਵਰਕਰਾਂ ਵਿਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਚੋਣਾਂ ਵਿਚ ਜਿੱਤ ਦਾ ਦਾਅਵਾ ਕੀਤਾ | ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਦੇ ਵਰਕਰ ਅਤੇ ਸਮਰਥਕ ਹਾਜ਼ਰ ਹੋਏ |