ਚੋਣ ਮੌਸਮ ਚੜ੍ਹਦੇ ਹੀ ਤਪਿਆ ਵਿਕਾਸ ਦਾ ਮਸਲਾ-ਸਾਲਾਂ ਤੋਂ ਅਧੂਰੇ ਕੰਮ ਹੁਣ ਆਏ ਯਾਦ
ਅਜੀਤ ਡੈਸਕ
24-05-2026
ਫਿਰੋਜ਼ਪੁਰ, 23 ਮਈ(ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੇ ਨੇੜੇ ਆਉਂਦੇ ਹੀ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਰਫ਼ਤਾਰ ਇਕ ਵਾਰ ਫਿਰ ਤੇਜ਼ ਹੋ ਗਈ ਹੈ | ਲੰਮੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਹੁਣ ਅਚਾਨਕ ਰਫ਼ਤਾਰ ਮਿਲਦੀ ਦਿਖਾਈ ਦੇ ਰਹੀ ਹੈ | ਕਈ ਥਾਵਾਂ 'ਤੇ ਸੜਕਾਂ ਨੂੰ ਚੌੜਾ ਕਰਨ ਲਈ ਲੱਗੀਆਂ ਇੰਟਰਲੋਕ ਟਾਈਲਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਦਕਿ ਸ਼ਹਿਰ ਵਾਸੀ ਸਾਲਾਂ ਤੋਂ ਟੁੱਟੀਆਂ ਸੜਕਾਂ, ਜਾਮ ਸੀਵਰੇਜ ਅਤੇ ਗੰਦਗੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇਸ ਸਬੰਧੀ ਰਾਮਗੜ੍ਹੀਆ ਆਗੂ ਦਵਿੰਦਰ ਸਿੰਘ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਬਬਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ | ਉਵੇਂ-ਉਵੇਂ ਨੇਤਾਵਾਂ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਮੁਸ਼ਕਲਾਂ ਯਾਦ ਆਉਣ ਲੱਗਦੀਆਂ ਹਨ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸ਼ਹਿਰ ਦੇ ਕਈ ਵਿਕਾਸ ਕੰਮ ਅਧੂਰੇ ਪਏ ਸਨ ਪਰ ਹੁਣ ਚੋਣਾਂ ਦੇ ਮਾਹੌਲ ਵਿਚ ਕੰਮਾਂ ਨੂੰ ਅਚਾਨਕ ਤੇਜ਼ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੈ | ਸੀਵਰੇਜ ਦੀ ਸਮੱਸਿਆ ਕਾਰਨ ਲੋਕਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੀਂਹ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ | ਹੁਣ ਸੜਕਾਂ ਚੌੜੀਆਂ ਕਰਨ ਦੇ ਨਾਮ 'ਤੇ ਇੰਟਰਲੋਕ ਟਾਈਲਾਂ ਪੁੱਟੀਆਂ ਜਾ ਰਹੀਆਂ ਹਨ, ਪਰ ਲੋਕਾਂ ਦੇ ਮਨ ਵਿਚ ਇਹ ਸਵਾਲ ਹੈ ਕਿ ਕੀ ਇਹ ਕੰਮ ਸਿਰਫ਼ ਚੋਣਾਂ ਤੱਕ ਹੀ ਸੀਮਤ ਰਹਿਣਗੇ ਜਾਂ ਚੋਣਾਂ ਤੋਂ ਬਾਅਦ ਵੀ ਇਸੇ ਤਰ੍ਹਾਂ ਵਿਕਾਸ ਜਾਰੀ ਰਹੇਗਾ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸੱਚਮੁੱਚ ਵਿਕਾਸ ਕਰਨਾ ਹੈ ਤਾਂ ਸਿਰਫ਼ ਦਿਖਾਵੇ ਵਾਲੇ ਕੰਮਾਂ ਦੀ ਬਜਾਏ ਪੱਕੇ ਹੱਲ ਕੀਤੇ ਜਾਣ | ਲੋਕਾਂ ਨੇ ਮੰਗ ਕੀਤੀ ਕਿ ਟੁੱਟੀਆਂ ਸੜਕਾਂ, ਜਾਮ ਸੀਵਰੇਜ, ਗੰਦਗੀ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਤਾਂ ਜੋ ਸ਼ਹਿਰ ਨੂੰ ਅਸਲ ਵਿੱਚ ਸੁੰਦਰ ਅਤੇ ਸੁਵਿਧਾਜਨਕ ਬਣਾਇਆ ਜਾ ਸਕੇ | ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਚੋਣਾਂ ਮਗਰੋਂ ਵੀ ਵਿਕਾਸ ਦੀ ਇਹ ਰਫ਼ਤਾਰ ਬਣੀ ਰਹੇਗੀ ਜਾਂ ਫਿਰ Tਪਰਨਾਲਾ ਉੱਥੇ ਦਾ ਉੱਥੇUਵਾਲੀ ਗੱਲ ਇਕ ਵਾਰ ਫਿਰ ਸੱਚ ਸਾਬਤ ਹੋਵੇਗੀ |